ਪਹਿਲਾ ਅਥਲੀਟਸ ਫੋਰਮ 10 ਨੂੰ
ਖੇਡ ਪ੍ਰਬੰਧ ’ਚ ਖਿਡਾਰੀਆਂ ਦੀ ਭੂਮਿਕਾ ਵਧਾਉਣ ਦਾ ਟੀਚਾ; ਮਾਨਸਿਕ ਸਿਹਤ ਅਤੇ ਖਿਡਾਰੀਆਂ ਦੇ ਹੱਕਾਂ ਵਰਗੇ ਮੁੱਦਿਆਂ ’ਤੇ ਹੋਵੇਗੀ ਚਰਚਾ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੇ ਦੇਸ਼ ਵਿੱਚ ਖੇਡ ਪ੍ਰਬੰਧ ਸੁਧਾਰਨ ਅਤੇ ਖਿਡਾਰੀਆਂ ਦੀ ਜਵਾਬਦੇਹੀ ਵਧਾਉਣ ਲਈ 10 ਜਨਵਰੀ ਨੂੰ ਅਹਿਮਦਾਬਾਦ ਵਿੱਚ ਪਹਿਲਾ ‘ਨੈਸ਼ਨਲ ਅਥਲੀਟਸ ਫੋਰਮ’ ਕਰਵਾਉਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਅਨੁਸਾਰ ਇਸ ਫੋਰਮ ਵਿੱਚ ਮੌਜੂਦਾ ਤੇ ਸਾਬਕਾ ਖਿਡਾਰੀਆਂ ਤੋਂ ਇਲਾਵਾ ਖਿਡਾਰੀਆਂ ਦੇ ਨੁਮਾਇੰਦੇ ਤੇ ਮੁੱਖ ਭਾਈਵਾਲ ਸ਼ਾਮਲ ਹੋਣਗੇ। ਇਸ ਦਾ ਮੁੱਖ ਮਕਸਦ ਖਿਡਾਰੀਆਂ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਸਮੱਸਿਆਵਾਂ ਦਾ ਹੱਲ ਲੱਭਣਾ ਹੈ।
ਇਸ ਫੋਰਮ ਦੌਰਾਨ ਖਿਡਾਰੀਆਂ ਦੇ ਹੱਕਾਂ, ਪਾਰਦਰਸ਼ੀ ਸ਼ਾਸਨ, ਮਾਨਸਿਕ ਸਿਹਤ, ਡੋਪਿੰਗ ਰੋਕੂ ਸਿੱਖਿਆ ਅਤੇ ਸ਼ਿਕਾਇਤਾਂ ਦੇ ਨਿਬੇੜੇ ਵਰਗੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ ਨੇ ਕਿਹਾ ਕਿ ਭਾਰਤੀ ਖੇਡ ਇਤਿਹਾਸ ਵਿੱਚ ਪਹਿਲੀ ਵਾਰ ਖਿਡਾਰੀਆਂ ਨੂੰ ਇਸ ਤਰ੍ਹਾਂ ਇੱਕ ਮੰਚ ’ਤੇ ਇਕੱਠਾ ਕੀਤਾ ਜਾ ਰਿਹਾ ਹੈ।
ਭਾਰਤੀ ਓਲੰਪਿਕ ਐਸੋਸੀਏਸ਼ਨ ਅਥਲੀਟ ਕਮਿਸ਼ਨ ਦੀ ਚੇਅਰਪਰਸਨ ਐੱਮ ਸੀ ਮੈਰੀਕੌਮ ਨੇ ਕਿਹਾ ਕਿ ਖਿਡਾਰੀ ਸਿਸਟਮ ਨੂੰ ਅੰਦਰੋਂ ਜਾਣਦੇ ਹਨ ਅਤੇ ਇਹ ਫੋਰਮ ਉਨ੍ਹਾਂ ਨੂੰ ਚੁਣੌਤੀਆਂ ਬਾਰੇ ਖੁੱਲ੍ਹ ਕੇ ਬੋਲਣ ਦਾ ਮੌਕਾ ਦੇਵੇਗਾ। ਕਮਿਸ਼ਨ ਦੇ ਉਪ ਚੇਅਰਮੈਨ ਸ਼ਰਤ ਕਮਲ ਨੇ ਕਿਹਾ ਕਿ ਅਕਸਰ ਖਿਡਾਰੀਆਂ ਨੂੰ ਫੈਸਲੇ ਕਰਨ ਤੋਂ ਬਾਅਦ ਨੀਤੀਆਂ ਦਾ ਅਸਰ ਮਹਿਸੂਸ ਹੁੰਦਾ ਹੈ, ਪਰ ਇਹ ਫੋਰਮ ਫੈਸਲੇ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਰਾਏ ਸੁਣਨ ਵਿੱਚ ਮਦਦਗਾਰ ਹੋਵੇਗਾ। ਇਸ ਫੋਰਮ ਤੋਂ ਇੱਕ ਦਿਨ ਪਹਿਲਾਂ 9 ਜਨਵਰੀ ਨੂੰ ਅਹਿਮਦਾਬਾਦ ਵਿੱਚ ਹੀ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਵੀ ਹੋਵੇਗੀ।

