FIH World Cup: ਬੈਲਜੀਅਮ ਨੇ ਪੈਨਲਟੀ ਸ਼ੂਟਆਊਟ ਵਿਚ ਭਾਰਤ ਨੂੰ ਹਰਾਇਆ
Belgium Beats India: ਨਿਰਧਾਰਤ ਸਮੇਂ ’ਤੇ ਸਕੋਰ 3-3 ਦੀ ਬਰਾਬਰੀ ’ਤੇ ਰਿਹਾ; ਭਾਰਤ ਅੱਠਵੇਂ ਸਥਾਨ ’ਤੇ ਰਿਹਾ
Belgium Beats India: ਐਫ ਆਈ ਐੱਚ (FIH) ਪੁਰਸ਼ ਵਿਸ਼ਵ ਕੱਪ ਵਿੱਚ ਬੈਲਜੀਅਮ ਨੇ ਭਾਰਤ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾ ਦਿੱਤਾ ਹੈ। ਇਸ ਹਾਰ ਨਾਲ ਭਾਰਤੀ ਟੀਮ ਅੱਠਵੇਂ ਸਥਾਨ ’ਤੇ ਆਈ ਹੈੇ।
ਜਾਣਕਾਰੀ ਅਨੁਸਾਰ ਵਾਵਰੇ (ਬੈਲਜੀਅਮ) ਵਿਚ ਬੈਲਜੀਅਮ ਨੇ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੂੰ 4-3 ਨਾਲ ਹਰਾਇਆ। ਨਿਰਧਾਰਤ ਸਮੇਂ ਤੱਕ ਦੋਵਾਂ ਟੀਮਾਂ ਵਿਚਕਾਰ ਮੁਕਾਬਲਾ 3-3 ਦੀ ਬਰਾਬਰੀ ’ਤੇ ਰਿਹਾ ਜਿਸ ਤੋਂ ਬਾਅਦ ਸ਼ੂਟਆਊਟ ਦਿੱਤਾ ਗਿਆ। ਭਾਰਤ ਵੱਲੋਂ ਪੈਨਲਟੀ ਸ਼ੂਟਆਊਟ ਵਿੱਚ ਸ਼ਿਲਾਨੰਦ ਲਾਕੜਾ, ਦਿਲਪ੍ਰੀਤ ਸਿੰਘ ਅਤੇ ਅਭਿਸ਼ੇਕ ਨੇ ਗੋਲ ਕੀਤੇ ਪਰ ਇਹ ਜਿੱਤ ਲਈ ਕਾਫ਼ੀ ਨਹੀਂ ਸਨ ਕਿਉਂਕਿ ਬੈਲਜੀਅਮ ਨੇ ਸ਼ੂਟਆਊਟ ਵਿੱਚ ਵੱਧ ਗੋਲ ਕਰ ਕੇ ਬਾਜ਼ੀ ਮਾਰ ਲਈ। ਨਿਰਧਾਰਤ ਸਮੇਂ ਵਿੱਚ ਭਾਰਤ ਲਈ ਖਾਤਾ ਅਭਿਸ਼ੇਕ ਨੇ ਖੋਲ੍ਹਿਆ ਜਦੋਂ ਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਦਾਗੇ। ਦੂਜੇ ਪਾਸੇ, ਬੈਲਜੀਅਮ ਵੱਲੋਂ ਰੋਮਨ ਡੁਵੇਕੋਟ, ਹਿਊਗੋ ਲੈਬੌਚੇਅਰ ਅਤੇ ਨਿਕੋਲਸ ਡੇਅ ਕੇਰਪੇਲ ਗੋਲ ਕਰਨ ਵਿੱਚ ਕਾਮਯਾਬ ਰਹੇ।
ਮੈਚ ਦੇ ਛੇਵੇਂ ਮਿੰਟ ਵਿਚ ਭਾਰਤ ਨੇ ਪਹਿਲਾ ਗੋਲ ਕੀਤਾ
ਭਾਰਤ ਨੇ ਮੈਚ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ ਅਤੇ ਅਭਿਸ਼ੇਕ ਨੇ ਪਹਿਲੇ ਛੇ ਮਿੰਟਾਂ ਦੇ ਅੰਦਰ ਹੀ ਟੀਮ ਨੂੰ ਲੀਡ ਦਿਵਾ ਦਿੱਤੀ। ਹਾਲਾਂਕਿ, ਬੈਲਜੀਅਮ ਨੇ ਇੱਕ ਮਿੰਟ ਦੇ ਅੰਦਰ ਹੀ ਦੋ ਗੋਲ ਕਰਕੇ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਲੀਡ ਹਾਸਲ ਕਰ ਲਈ। ਇਸ ਤੋਂ ਬਾਅਦ ਹਰਮਨਪ੍ਰੀਤ ਸਿੰਘ ਨੇ 31ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ ਪਰ ਡੇ ਕੇਰਪੇਲ ਨੇ ਚੌਥੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਬੈਲਜੀਅਮ ਨੂੰ ਮੁੜ ਅੱਗੇ ਕਰ ਦਿੱਤਾ।
ਹਾਲਾਂਕਿ, ਭਾਰਤੀ ਟੀਮ ਨੇ ਹਾਰ ਨਹੀਂ ਮੰਨੀ ਅਤੇ ਹਰਮਨਪ੍ਰੀਤ ਸਿੰਘ ਨੇ ਮੈਚ ਦੇ ਆਖਰੀ ਪਲਾਂ ਵਿੱਚ ਗੋਲ ਕਰਕੇ ਸਕੋਰ 3-3 ਕਰ ਦਿੱਤਾ ਅਤੇ ਮੈਚ ਨੂੰ ਸ਼ੂਟਆਊਟ ਵਿੱਚ ਧੱਕ ਦਿੱਤਾ।
ਅੰਤ ਵਿੱਚ ਬੈਲਜੀਅਮ ਨੇ ਸ਼ੂਟਆਊਟ ਵਿੱਚ ਆਪਣੇ ਹੌਂਸਲੇ ਕਾਇਮ ਰੱਖੇ ਅਤੇ ਭਾਰਤ ਨੂੰ ਅੱਠਵੇਂ ਸਥਾਨ 'ਤੇ ਰਹਿਣ ਲਈ ਮਜਬੂਰ ਕਰ ਦਿੱਤਾ।

