FIH Pro League: India ਨੇ Pakistan ਨੂੰ 7-1 ਨਾਲ ਹਰਾਇਆ
ਮਿੱਡਫੀਲਡਰ ਹਾਰਦਿਕ ਸਿੰਘ ਨੂੰ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ
ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐੱਫ ਆਈ ਐੱਚ ਪ੍ਰੋ ਲੀਗ ਦੇ ਲੰਡਨ ਪੜਾਅ ਦੇ ਦੂਜੇ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 7-1 ਨਾਲ ਕਰਾਰੀ ਹਾਰ ਦਿੱਤੀ। ਮੈਚ ਵਿੱਚ ਸੁਖਜੀਤ ਸਿੰਘ (20ਵਾਂ ਮਿੰਟ), ਹਰਮਨਪ੍ਰੀਤ ਸਿੰਘ (26ਵਾਂ ਮਿੰਟ), ਹਾਰਦਿਕ ਸਿੰਘ (34ਵਾਂ ਮਿੰਟ), ਜੁਗਰਾਜ ਸਿੰਘ (35ਵਾਂ ਮਿੰਟ), ਅਭਿਸ਼ੇਕ (41ਵਾਂ ਮਿੰਟ), ਰਾਜ ਕੁਮਾਰ ਪਾਲ (44ਵਾਂ ਮਿੰਟ) ਅਤੇ ਦਿਲਪ੍ਰੀਤ ਸਿੰਘ (54ਵਾਂ ਮਿੰਟ) ਦੇ ਗੋਲਾਂ ਦੀ ਬਦੌਲਤ ਭਾਰਤ ਨੇ ਇਹ ਸ਼ਾਨਦਾਰ ਜਿੱਤ ਦਰਜ ਕੀਤੀ। ਮਿੱਡਫੀਲਡਰ ਹਾਰਦਿਕ ਸਿੰਘ ਨੂੰ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ।
ਮਨਦੀਪ ਸਿੰਘ ਦੀ ਬੇਸਲਾਈਨ ਤੋਂ ਸ਼ਾਨਦਾਰ ਦੌੜ ਸਦਕਾ ਭਾਰਤ ਨੇ ਮਹਿਜ਼ 90 ਸਕਿੰਟਾਂ ਦੇ ਅੰਦਰ ਹੀ ਪਹਿਲਾ ਪੈਨਲਟੀ ਕਾਰਨਰ ਹਾਸਲ ਕਰ ਲਿਆ। ਹਾਲਾਂਕਿ, ਪਾਕਿਸਤਾਨ ਨੇ ਜਵਾਬੀ ਹਮਲੇ ਵਿੱਚ ਖ਼ਤਰਨਾਕ ਖੇਡ ਦਿਖਾਈ ਅਤੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ। ਭਾਰਤ ਵੱਲੋਂ ਵੀਡੀਓ ਰੈਫਰਲ ਗੁਆਉਣ ਤੋਂ ਬਾਅਦ, ਪਾਕਿਸਤਾਨ ਦੇ ਕਪਤਾਨ ਅਬੂ ਬਕਰ ਮਹਿਮੂਦ ਨੇ ਮਿਲੇ ਪੈਨਲਟੀ ਕਾਰਨਰ ਨੂੰ ਡਰੈਗ-ਫਲਿੱਕ ਰਾਹੀਂ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ। ਦੂਜੇ ਕੁਆਰਟਰ ਵਿੱਚ 18ਵੇਂ ਮਿੰਟ ਵਿੱਚ ਪਾਕਿਸਤਾਨ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਹਿਮਦ ਨਦੀਮ ਦੇ ਆਪਣੇ ਹੀ ਸਾਥੀ ਖਿਡਾਰੀ ਅਲੀ ਗਜ਼ਨਫ਼ਰ ਦੇ ਪਾਸ ਤੋਂ ਡਿਫਲੈਕਟ ਹੋਈ ਗੇਂਦ ਉਸ ਦੇ ਚਿਹਰੇ ’ਤੇ ਜਾ ਲੱਗੀ ਅਤੇ ਉਸ ਨੂੰ ਮੈਦਾਨ ਛੱਡਣਾ ਪਿਆ।
ਭਾਰਤ ਨੇ ਇਸ ਸਥਿਤੀ ਦਾ ਤੁਰੰਤ ਫ਼ਾਇਦਾ ਉਠਾਇਆ। 20ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਹਰਮਨਪ੍ਰੀਤ ਦੀ ਜ਼ੋਰਦਾਰ ਡਰੈਗ-ਫਲਿੱਕ ਨੂੰ ਸੁਖਜੀਤ ਨੇ ਬੜੀ ਚਲਾਕੀ ਨਾਲ ਗੋਲ ਪੋਸਟ ਦੇ ਅੰਦਰ ਭੇਜ ਕੇ ਸਕੋਰ 1-1 ਦੀ ਬਰਾਬਰੀ ’ਤੇ ਲਿਆਂਦਾ। ਛੇ ਮਿੰਟ ਬਾਅਦ, ਭਾਰਤੀ ਕਪਤਾਨ ਹਰਮਨਪ੍ਰੀਤ ਨੇ ਇੱਕ ਹੋਰ ਪੈਨਲਟੀ ਕਾਰਨਰ ਰਾਹੀਂ ਗੇਂਦ ਨੂੰ ਟਾਪ-ਲੈਫਟ ਕਾਰਨਰ ਵਿੱਚ ਪਹੁੰਚਾ ਕੇ ਅੱਧੇ ਸਮੇਂ ਤੱਕ ਭਾਰਤ ਨੂੰ 2-1 ਦੀ ਲੀਡ ਦਿਵਾਈ। 34ਵੇਂ ਮਿੰਟ ਵਿੱਚ ਲਗਾਤਾਰ ਮਿਲੇ ਪੈਨਲਟੀ ਕਾਰਨਰਾਂ ਕਾਰਨ ਭਾਰਤ ਨੂੰ ਇੱਕ ਪੈਨਲਟੀ ਸਟ੍ਰੋਕ ਮਿਲਿਆ, ਜਿਸ ਨੂੰ ਹਾਰਦਿਕ ਨੇ ਬੜੇ ਸ਼ਾਂਤ ਸੁਭਾਅ ਨਾਲ ਗੋਲ ਵਿੱਚ ਬਦਲ ਕੇ ਸਕੋਰ 3-1 ਕਰ ਦਿੱਤਾ। ਇਸ ਦੌਰਾਨ ਪਾਕਿਸਤਾਨ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਡਿਫੈਂਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਨ੍ਹਾਂ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਦੇ ਦੂਜੇ ਪੈਨਲਟੀ ਕਾਰਨਰ ਨੂੰ ਰੋਕਣ ਦੇ ਤੁਰੰਤ ਬਾਅਦ ਭਾਰਤ ਨੇ ਇੱਕ ਹੋਰ ਤੇਜ਼ ਜਵਾਬੀ ਹਮਲਾ ਸ਼ੁਰੂ ਕੀਤਾ।
ਦਿਲਪ੍ਰੀਤ ਨੇ ਸੁਖਜੀਤ ਨਾਲ ਮਿਲ ਕੇ ਸ਼ਾਨਦਾਰ ਤਾਲਮੇਲ ਦਿਖਾਇਆ ਅਤੇ ਗੇਂਦ ਜੁਗਰਾਜ ਵੱਲ ਵਧਾਈ, ਜਿਸ ਨੇ 35ਵੇਂ ਮਿੰਟ ਵਿੱਚ ਇਸ ਨੂੰ ਬੜੀ ਸਫ਼ਾਈ ਨਾਲ ਗੋਲ ਵਿੱਚ ਬਦਲ ਕੇ ਸਕੋਰ 4-1 ਕਰ ਦਿੱਤਾ। ਸੁਖਜੀਤ ਨੇ ਅਭਿਸ਼ੇਕ ਲਈ ਮੌਕਾ ਬਣਾਇਆ, ਜਿਸ ਨੇ 41ਵੇਂ ਮਿੰਟ ਵਿੱਚ ਦੌੜਦੇ ਹੋਏ ਸ਼ਾਨਦਾਰ ਗੋਲ ਦਾਗਿਆ। ਤੀਜੇ ਕੁਆਰਟਰ ਦੇ ਆਖ਼ਰੀ ਮਿੰਟਾਂ ਵਿੱਚ ਭਾਰਤ ਨੇ ਲਗਾਤਾਰ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ। ਹਰਮਨਪ੍ਰੀਤ ਦੀ ਡਰੈਗ-ਫਲਿੱਕ ਤੋਂ ਰੀਬਾਉਂਡ ਹੋਈ ਗੇਂਦ ’ਤੇ ਰਾਜ ਕੁਮਾਰ ਪਾਲ ਨੇ ਬਿਨਾਂ ਕੋਈ ਦੇਰ ਕੀਤੇ ਫ਼ੁਰਤੀ ਨਾਲ ਗੋਲ ਕਰ ਦਿੱਤਾ ਅਤੇ ਭਾਰਤ ਦੀ ਲੀਡ 6-1 ਕਰ ਦਿੱਤੀ। ਆਖ਼ਰੀ ਕੁਆਰਟਰ ਵਿੱਚ ਵੀ ਭਾਰਤੀ ਟੀਮ ਨੇ ਅੱਗੇ ਵਧ ਕੇ ਹਮਲੇ ਜਾਰੀ ਰੱਖਣ ਦੇ ਨਾਲ-ਨਾਲ ਡਿਫੈਂਸ ਵਿੱਚ ਪੂਰਾ ਅਨੁਸ਼ਾਸਨ ਬਣਾਈ ਰੱਖਿਆ। 54ਵੇਂ ਮਿੰਟ ਵਿੱਚ ਦਿਲਪ੍ਰੀਤ ਨੇ ਸੱਤਵਾਂ ਗੋਲ ਕਰ ਕੇ ਪਾਕਿਸਤਾਨ ਦੀ ਹਾਰ ’ਤੇ ਮੋਹਰ ਲਗਾ ਦਿੱਤੀ।
