DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਲਮੀ ਫੀਫਾ ਕੱਪ ਰਾਊਂਡ ਆਫ 32 ਦੀ ਸ਼ੁਰੂਆਤ

ਦਾਅਵੇਦਾਰ ਮਜ਼ਬੂਤ, ਅਫਰੀਕੀ ਟੀਮਾਂ ਦਾ ਦਬਦਬਾ; ਪੂਰੇ ਗਰੁੱਪ ਪੜਾਅ ’ਚ ਸਿਰਫ਼ ਅਰਜਨਟੀਨਾ, ਫਰਾਂਸ ਤੇ ਮੈਕਸਿਕੋ ਨੇ ਜਿੱਤੇ ਤਿੰਨੋਂ ਮੈਚ

  • fb
  • twitter
  • whatsapp
  • whatsapp
featured-img featured-img
ਅਰਜਨਟੀਨਾ ਦਾ ਲਿਓਨਲ ਮੈਸੀ ਜੌਰਡਨ ਖਿਲਾਫ਼ ਮੈਚ ਵਿੱਚ ਆਪਣਾ ਤੀਜਾ ਗੋਲ ਕਰ ਕੇ ਖੁਸ਼ੀ ਮਨਾਉਂਦਾ ਹੋਇਆ। -ਫੋਟੋ: ਰਾਇਟਰਜ਼
Advertisement

ਹੁਣ ਤੱਕ ਦੇ ਸਭ ਤੋਂ ਵੱਡੇ ਆਲਮੀ ਫੀਫਾ ਕੱਪ ਵਿੱਚ ਸ਼ਾਮਲ 48 ਟੀਮਾਂ ਵਿੱਚੋਂ ਸਿਰਫ਼ 16 ਟੀਮਾਂ ਨੂੰ ਬਾਹਰ ਕਰਨ ਲਈ 72 ਮੈਚ ਖੇਡੇ ਜਾਣ ਤੋਂ ਬਾਅਦ, ਹੁਣ ਆਖ਼ਰਕਾਰ ਨਾਕਆਊਟ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਪੂਰੇ ਗਰੁੱਪ ਪੜਾਅ ਵਿੱਚ ਸਿਰਫ਼ ਤਿੰਨ ਟੀਮਾਂ ਹੀ ਆਪਣੇ ਤਿੰਨੋਂ ਮੈਚ ਜਿੱਤਣ ਵਿੱਚ ਸਫਲ ਰਹੀਆਂ ਜਿਨ੍ਹਾਂ ’ਚ ਅਰਜਨਟੀਨਾ, ਫਰਾਂਸ ਅਤੇ ਮੈਕਸਿਕੋ ਸ਼ਾਮਲ ਹਨ। ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਜਿੱਤ ਦੀਆਂ ਪ੍ਰਮੁੱਖ ਦਾਅਵੇਦਾਰ ਮੰਨੀਆਂ ਜਾ ਰਹੀਆਂ ਸਾਰੀਆਂ ਟੀਮਾਂ (ਫਰਾਂਸ, ਸਪੇਨ, ਇੰਗਲੈਂਡ, ਅਰਜਨਟੀਨਾ) ਅਗਲੇ ਗੇੜ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਇਸ ਦੇ ਨਾਲ ਹੀ ਕੁਝ ਹੈਰਾਨੀਜਨਕ ਟੀਮਾਂ ਨੇ ਵੀ ਅੱਗੇ ਜਗ੍ਹਾ ਬਣਾਈ ਹੈ। ਕੇਪ ਵਰਡੇ ਆਪਣੇ ਇਤਿਹਾਸ ਦੇ ਸਭ ਤੋਂ ਪਹਿਲੇ ਆਲਮੀ ਕੱਪ ਵਿੱਚ ਖੇਡਦੇ ਹੋਏ ਗਰੁੱਪ ਪੜਾਅ ਦੇ ਆਪਣੇ ਤਿੰਨੋਂ ਮੈਚ ਡਰਾਅ ਕਰ ਕੇ ਅਗਲੇ ਗੇੜ ਵਿੱਚ ਦਾਖ਼ਲ ਹੋਇਆ ਹੈ। ਇਸ ਦੇ ਨਾਲ ਹੀ ਆਪਣਾ ਦੂਜਾ ਆਲਮੀ ਕੱਪ ਖੇਡ ਰਹੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਨੇ ਪਹਿਲੀ ਵਾਰ ਗਰੁੱਪ ਪੜਾਅ ਨੂੰ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਜਦੋਂ ਕਾਂਗੋ ਦੀ ਟੀਮ ‘ਦਿ ਲੈਪਰਡਜ਼’ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ, ਉਦੋਂ ਉਹ 1974 ਵਿੱਚ ‘ਜ਼ਾਇਰੇ’ ਦੇ ਨਾਮ ਨਾਲ ਖੇਡੇ ਸਨ।

ਸ਼ਾਨਦਾਰ ਪ੍ਰਦਰਸ਼ਨ ਦੇ ਇਨਾਮ ਵਜੋਂ ਕੇਪ ਵਰਡੇ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਮਿਆਮੀ ਗਾਰਡਨਜ਼ (ਫਲੋਰਿਡਾ) ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ। ਦੂਜੇ ਪਾਸੇ, ਡੀ ਆਰ ਕਾਂਗੋ ਦੀ ਟੀਮ ਬੁੱਧਵਾਰ ਨੂੰ ਐਟਲਾਂਟਾ ਵਿੱਚ ਇੰਗਲੈਂਡ ਦੇ ਸਾਹਮਣੇ ਹੋਵੇਗੀ।

Advertisement

ਆਲਮੀ ਕੱਪ ਵਿੱਚ ਹਿੱਸਾ ਲੈਣ ਵਾਲਾ ਹੁਣ ਤੱਕ ਦੇ ਤੀਜੇ ਸਭ ਤੋਂ ਛੋਟੇ ਦੇਸ਼ ਕੇਪ ਵਰਡੇ ਦਾ ਦਮਦਾਰ ਪ੍ਰਦਰਸ਼ਨ, ਅਫਰੀਕੀ ਦੇਸ਼ਾਂ ਦੀ ਵੱਡੀ ਸਫਲਤਾ ਦੀ ਕਹਾਣੀ ਦਾ ਹਿੱਸਾ ਹੈ। ਇਸ ਮਹਾਦੀਪ ਦੀਆਂ 10 ਟੀਮਾਂ ਵਿੱਚੋਂ 9 ਟੀਮਾਂ ਨੇ ਨਾਕਆਊਟ ਪੜਾਅ ਵਿੱਚ ਜਗ੍ਹਾ ਬਣਾਈ ਹੈ। ਰਾਊਂਡ ਆਫ 32 ਵਿੱਚ ਯੂਰੋਪ ਦੀਆਂ 13, ਦੱਖਣੀ ਅਮਰੀਕਾ ਦੀਆਂ 5 ਅਤੇ ਏਸ਼ੀਆ ਦੀਆਂ 2 ਟੀਮਾਂ ਸ਼ਾਮਲ ਹੋਣਗੀਆਂ। ਅੱਗੇ ਵਧਣ ਵਾਲੀਆਂ ਉੱਤਰੀ ਅਮਰੀਕਾ ਦੀਆਂ ਸਿਰਫ਼ ਤਿੰਨ ਟੀਮਾਂ ਇਸ ਟੂਰਨਾਮੈਂਟ ਦੀਆਂ ਸਹਿ-ਮੇਜ਼ਬਾਨ ਹਨ ਜਿਨ੍ਹਾਂ ਵਿੱਚ ਮੈਕਸਿਕੋ, ਅਮਰੀਕਾ ਅਤੇ ਕੈਨੇਡਾ ਸ਼ਾਮਲ ਹਨ। ਟੂਰਨਾਮੈਂਟ ਵਿੱਚੋਂ ਬਾਹਰ ਹੋਣ ਵਾਲੀ ਸਭ ਤੋਂ ਪ੍ਰਮੁੱਖ ਟੀਮ ਉਰੂਗੁਏ ਰਹੀ, ਜੋ ਆਲਮੀ ਕੱਪ ਦੀ ਸ਼ੁਰੂਆਤ ਵੇਲੇ ਫੀਫਾ ਰੈਂਕਿੰਗ ਵਿੱਚ 16ਵੇਂ ਨੰਬਰ ’ਤੇ ਸੀ।

Advertisement

20ਵੇਂ ਰੈਂਕ ਦੀ ਇਰਾਨ ਦੀ ਟੀਮ ਨੇ ਆਪਣੇ ਗਰੁੱਪ ਦੇ ਤਿੰਨੋਂ ਮੈਚ ਡਰਾਅ ਖੇਡੇ ਅਤੇ ਉਹ ਰਾਊਂਡ ਆਫ 32 ਵਿੱਚ ਜਗ੍ਹਾ ਬਣਾਉਣ ਦੇ ਬਿਲਕੁਲ ਨੇੜੇ ਸੀ ਪਰ ਸ਼ਨਿਚਰਵਾਰ ਨੂੰ ਆਸਟਰੀਆ ਨੇ ਅਲਜੀਰੀਆ ਖ਼ਿਲਾਫ਼ ਆਖ਼ਰੀ ਮਿੰਟ ਵਿੱਚ ਗੋਲ ਕਰ ਕੇ ਮੈਚ ਬਰਾਬਰ ਕਰ ਦਿੱਤਾ। ਇਸ ਗੋਲ ਕਾਰਨ ਅਲਜੀਰੀਆ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਆਖ਼ਰੀ ਅੱਠ ਕੁਆਲੀਫਾਇੰਗ ਟੀਮਾਂ ਵਿੱਚ ਸ਼ਾਮਲ ਹੋ ਗਿਆ ਅਤੇ ਇਰਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ।

ਅਰਜਨਟੀਨਾ ਨੇ ਜੌਰਡਨ ਨੂੰ ਹਰਾ ਕੇ ਗਰੁੱਪ ਪੜਾਅ ’ਚ ਹੂੰਝਾ ਫੇਰਿਆ

ਆਰਲਿੰਗਟਨ/ਈਸਟ ਰਦਰਫੋਰਡ: ਜਿਓਵਾਨੀ ਲੋ ਸੈਲਸੋ ਇਸ ਵਿਸ਼ਵ ਕੱਪ ਵਿੱਚ ਲਿਓਨਲ ਮੈਸੀ ਤੋਂ ਇਲਾਵਾ ਗੋਲ ਕਰਨ ਵਾਲਾ ਅਰਜਨਟੀਨਾ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਉਸ ਦੀ ਬਦੌਲਤ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਜੌਰਡਨ ਨੂੰ 3-1 ਨਾਲ ਹਰਾ ਕੇ ਲਗਾਤਾਰ ਤਿੰਨ ਮੈਚਾਂ ਵਿੱਚ ਜਿੱਤ ਦਰਜ ਕਰਦਿਆਂ ਗਰੁੱਪ ਪੜਾਅ ਵਿੱਚ ਹੂੰਝਾ ਫੇਰਿਆ। ਆਲਮੀ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਲੋ ਸੈਲਸੋ ਨੇ 19ਵੇਂ ਮਿੰਟ ਵਿੱਚ ਗੋਲ ਕੀਤਾ। ਮੈਸੀ ਨੇ ਦੂਜੇ ਅੱਧ ਵਿੱਚ ਮੈਦਾਨ ’ਤੇ ਆਉਣ ਮਗਰੋਂ ਆਪਣਾ ਇੱਕ ਹੋਰ ਗੋਲ ਕਰ ਕੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਆਪਣੇ ਰਿਕਾਰਡ ਨੂੰ 19 ਗੋਲਾਂ ਤੱਕ ਪਹੁੰਚਾ ਦਿੱਤਾ। ਇਸੇ ਦੌਰਾਨ ਇਕ ਹੋਰ ਮੈਚ ਵਿੱਚ ਇੰਗਲੈਂਡ ਨੇ ਪਨਾਮਾ ਨੂੰ 2-0 ਨਾਲ ਹਰਾ ਦਿੱਤਾ। ਜੂਡ ਬੈਲਿੰਘਮ ਅਤੇ ਹੈਰੀ ਕੇਨ ਨੇ ਦੂਜੇ ਅੱਧ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਗੋਲ ਕੀਤੇ। -ਏਪੀ

Advertisement
×