FIFA World Cup: ਕੁਰਾਸਾਓ ਨੇ ਇਕੁਆਡੋਰ ਨੂੰ ਬਰਾਬਰੀ ’ਤੇ ਰੋਕਿਆ
ਗੋਲਕੀਪਰ ਐਲੌਏ ਰੂਮ ਨੇ ਸਭ ਤੋਂ ਵੱਧ ਗੋਲ ਬਚਾਉਣ ਦਾ ਨਵਾਂ ਰਿਕਾਰਡ ਬਣਾਇਆ
ਕੁਰਾਸਾਓ ਦੇ ਗੋਲਕੀਪਰ ਐਲੌਏ ਰੂਮ ਨੇ ਇਕੁਆਡੋਰ ਖ਼ਿਲਾਫ਼ ਗੋਲ-ਰਹਿਤ ਬਰਾਬਰੀ ’ਤੇ ਖ਼ਤਮ ਹੋਏ ਮੈਚ ਵਿੱਚ 15 ਸ਼ਾਨਦਾਰ ਬਚਾਅ ਕਰ ਕੇ ਆਲਮੀ ਕੱਪ ਫੁਟਬਾਲ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਆਲਮੀ ਫੁਟਬਾਲ ਕੱਪ ਵਿੱਚ ਸਭ ਤੋਂ ਵੱਧ ਬਚਾਅ ਕਰਨ ਦੇ ਅੰਕੜੇ ਸਾਲ 1966 ਤੋਂ ਰੱਖਣੇ ਸ਼ੁਰੂ ਕੀਤੇ ਗਏ ਸਨ। ਐਲੌਏ ਰੂਮ ਇਸ ਮੈਚ ਵਿੱਚ 15 ਬਚਾਅ ਕਰ ਕੇ ਇਸ ਇਤਿਹਾਸਕ ਸੂਚੀ ਵਿੱਚ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਸਭ ਤੋਂ ਵੱਧ 16 ਗੋਲ ਬਚਾਉਣ ਦਾ ਆਲਮੀ ਰਿਕਾਰਡ ਅਮਰੀਕਾ ਦੇ ਟਿਮ ਹੌਵਰਡ ਦੇ ਨਾਮ ਹੈ। ਉਸ ਨੇ ਪਹਿਲੀ ਜੁਲਾਈ 2014 ’ਚ ਬੈਲਜੀਅਮ ਖ਼ਿਲਾਫ਼ ਇਹ ਰਿਕਾਰਡ ਬਣਾਇਆ ਸੀ।
ਹਾਲਾਂਕਿ, ਟਿਮ ਹੌਵਰਡ ਨੇ ਇਹ ਵਿਸ਼ਵ ਰਿਕਾਰਡ 120 ਮਿੰਟ ਤੱਕ ਚੱਲੇ ਲੰਮੇ ਮੈਚ ਦੌਰਾਨ ਬਣਾਇਆ ਸੀ। ਇਸ ਦੇ ਉਲਟ ਐਲੌਏ ਰੂਮ ਨੇ ਤੈਅ 90 ਮਿੰਟਾਂ ਦੇ ਅੰਦਰ ਹੀ 15 ਬਚਾਅ ਕੀਤੇ। ਇਸ ਤਰ੍ਹਾਂ ਉਸ ਨੇ 90 ਮਿੰਟਾਂ ਦੀ ਖੇਡ ਵਿੱਚ ਸਭ ਤੋਂ ਵੱਧ ਬਚਾਅ ਕਰਨ ਦਾ ਨਵਾਂ ਅਨੋਖਾ ਰਿਕਾਰਡ ਆਪਣੇ ਨਾਮ ਕੀਤਾ ਹੈ। ਮੈਚ ਖ਼ਤਮ ਹੋਣ ਮਗਰੋਂ ਗੋਲਕੀਪਰ ਰੂਮ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ, ‘‘ਇਹ ਮੇਰੇ ਲਈ ਕਦੇ ਨਾ ਭੁੱਲਣਯੋਗ ਅਤੇ ਬਹੁਤ ਹੀ ਸ਼ਾਨਦਾਰ ਅਨੁਭਵ ਹੈ। ਜਦੋਂ ਤੁਸੀਂ ਮੈਦਾਨ ’ਤੇ ਹੁੰਦੇ ਹੋ, ਤਾਂ ਤੁਸੀਂ ਅਜਿਹੇ ਰਿਕਾਰਡਾਂ ਬਾਰੇ ਨਹੀਂ ਸੋਚਦੇ। ਪਰ ਨਿਸ਼ਚਿਤ ਤੌਰ ’ਤੇ ਇਹ ਅਜਿਹਾ ਪਲ ਹੈ, ਜਿਸ ਨੂੰ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ। ਗੋਲਕੀਪਰ ਵਜੋਂ ਮੇਰੇ ਲਈ ਇਹ ਬਹੁਤ ਵਧੀਆ ਮੈਚ ਸੀ।’’
ਇਸ 37 ਸਾਲਾ ਅਨੁਭਵੀ ਗੋਲਕੀਪਰ ਨੇ ਮੁਸਕਰਾਉਂਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਸ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਹੁਣ ਕੁਰਾਸਾਓ ਵਿੱਚ ਮੇਰਾ ਬੁੱਤ ਲਾਇਆ ਜਾਣਾ ਚਾਹੀਦਾ ਹੈ।’’
ਉਨਦਾਵ ਦੇ ਦੋ ਗੋਲਾਂ ਨਾਲ ਜਰਮਨੀ ਨਾਕਆਊਟ ’ਚ
ਟੋਰਾਂਟੋ: ਡੇਨਿਜ਼ ਉਨਦਾਵ ਦੇ ਦੂਜੇ ਹਾਫ ਵਿੱਚ ਬਦਲਵੇਂ ਖਿਡਾਰੀ ਵਜੋਂ ਮੈਦਾਨ ’ਤੇ ਉਤਰ ਕੇ ਦਾਗ਼ੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਜਰਮਨੀ ਲਗਪਗ 40 ਮਿੰਟ ਤੱਕ ਇੱਕ ਗੋਲ ਨਾਲ ਪੱਛੜਨ ਮਗਰੋਂ ਆਇਵਰੀ ਕੋਸਟ ਨੂੰ 2-1 ਨਾਲ ਹਰਾ ਕੇ ਆਲਮੀ ਕੱਪ ਫੁਟਬਾਲ ਦੇ ਨਾਕਆਊਟ ਗੇੜ ਵਿੱਚ ਪਹੁੰਚ ਗਿਆ। ਗਰੁੱਪ ‘ਈ’ ਦੇ ਇਸ ਰੋਮਾਂਚਕ ਮੈਚ ਵਿੱਚ ਉਨਦਾਵ ਨੇ ਦੂਜੇ ਹਾਫ ਦੇ ਆਖ਼ਰੀ ਪਲਾਂ ਦੇ ਚੌਥੇ ਮਿੰਟ (94ਵੇਂ ਮਿੰਟ) ਵਿੱਚ ਜੇਤੂ ਗੋਲ ਦਾਗ਼ਿਆ। ਇਸ ਤੋਂ ਪਹਿਲਾਂ ਆਇਵਰੀ ਕੋਸਟ ਦੇ ਕਪਤਾਨ ਫਰੈਂਕ ਕੇਸੀ ਨੇ 30ਵੇਂ ਮਿੰਟ ਵਿੱਚ ਗੋਲ ਕਰ ਕੇ ਜਰਮਨੀ ’ਤੇ ਦਬਾਅ ਬਣਾ ਦਿੱਤਾ। ਹਾਲਾਂਕਿ, ਉਨਦਾਵ ਨੇ 68ਵੇਂ ਮਿੰਟ ਵਿੱਚ ਪਹਿਲਾ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਚਾਰ ਵਾਰ ਦੀ ਚੈਂਪੀਅਨ ਜਰਮਨ ਟੀਮ 2018 ਅਤੇ 2022 ਵਿੱਚ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਸੀ, ਪਰ ਇਸ ਵਾਰ ਲਗਾਤਾਰ ਦੂਜੀ ਜਿੱਤ ਨਾਲ ਉਹ ਗਰੁੱਪ ਵਿੱਚ ਸਿਖਰ ’ਤੇ ਹੈ। ਪਹਿਲੇ ਹਾਫ ਵਿੱਚ ਜਰਮਨੀ ਦੇ ਦੋ ਗੋਲ ਫਾਊਲ ਹੋਣ ਕਾਰਨ ਰੱਦ ਵੀ ਕੀਤੇ ਗਏ ਸਨ। -ਏਪੀ
ਜਪਾਨ ਨੇ ਟਿਊਨੀਸ਼ੀਆ ਨੂੰ 4-0 ਨਾਲ ਹਰਾਇਆ
ਮੌਂਟੇਰੀ (ਮੈਕਸਿਕੋ): ਜਪਾਨ ਨੇ ਅਯਾਸੇ ਯੂਏਦਾ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਫੀਫਾ ਆਲਮੀ ਕੱਪ ਦੇ ਗਰੁੱਪ ‘ਐੱਫ’ ਮੁਕਾਬਲੇ ਵਿੱਚ ਟਿਊਨਿਸ਼ੀਆ ਨੂੰ 4-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਜਪਾਨ ਨੇ ਲਗਾਤਾਰ ਚੌਥੀ ਵਾਰ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਹੋਰ ਮਜ਼ਬੂਤ ਕੀਤੀਆਂ ਹਨ। ਇਹ ਮੁਕਾਬਲਾ ਇਸ ਲਈ ਵੀ ਖ਼ਾਸ ਸੀ ਕਿਉਂਕਿ ਇਹ ਫੀਫਾ ਪੁਰਸ਼ ਆਲਮੀ ਕੱਪ ਦਾ 1000ਵਾਂ ਇਤਿਹਾਸਕ ਮੈਚ ਸੀ। ‘ਸਮੁਰਾਈ ਬਲੂ’ ਦੇ ਨਾਮ ਨਾਲ ਮਕਬੂਲ ਜਪਾਨੀ ਟੀਮ ਨੇ ਆਲਮੀ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੈਚ ਵਿੱਚ ਚਾਰ ਗੋਲ ਕੀਤੇ ਹਨ। ਮੈਚ ਵਿੱਚ ਯੂਏਦਾ ਤੋਂ ਇਲਾਵਾ ਦਾਇਚੀ ਕਾਮਾਦਾ ਅਤੇ ਜੂਨਿਆ ਇਤੋ ਨੇ ਇੱਕ-ਇੱਕ ਗੋਲ ਕੀਤਾ। ਯੂਏਦਾ ਨੇ 31ਵੇਂ ਅਤੇ 83ਵੇਂ ਮਿੰਟਾਂ ਵਿੱਚ ਗੋਲ ਕਰ ਕੇ ਆਪਣੀ ਟੀਮ ਦੀ ਵੱਡੀ ਜਿੱਤ ’ਤੇ ਮੋਹਰ ਲਾਈ। ਇਸ ਜਿੱਤ ਨਾਲ ਜਪਾਨ ਦੇ 4 ਅੰਕ ਹੋ ਗਏ ਹਨ ਅਤੇ ਉਹ ਨੈਦਰਲੈਂਡਜ਼ ਦੇ ਬਰਾਬਰ ਪਹੁੰਚ ਗਿਆ ਹੈ, ਜਦਕਿ ਟਿਊਨਿਸ਼ੀਆ ਦੀ ਅਗਲੇ ਗੇੜ ਵਿੱਚ ਜਾਣ ਦੀ ਉਮੀਦ ਖ਼ਤਮ ਹੋ ਗਈ ਹੈ। -ਏਪੀ
