ਬ੍ਰਾਜ਼ੀਲ ਅਤੇ ਮੋਰੱਕੋ ਨੇ ਫੁਟਬਾਲ ਆਲਮੀ ਕੱਪ ਦੇ ਗਰੁੱਪ ‘ਸੀ’ ਮੁਕਾਬਲਿਆਂ ਵਿੱਚ ਆਪੋ-ਆਪਣੇ ਮੈਚਾਂ ਵਿੱਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਪਹਿਲੇ ਮੁਕਾਬਲੇ ਵਿੱਚ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੇ ਹੈਤੀ ਨੂੰ 3-0 ਨਾਲ ਕਰਾਰੀ ਹਾਰ ਦੇ ਕੇ ਟੂਰਨਾਮੈਂਟ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ। ਹੈਤੀ ਮੌਜੂਦਾ ਵਿਸ਼ਵ ਕੱਪ ਦੇ ਨਾਕਆਊਟ ਦੌਰ ਦੀ ਦੌੜ ਵਿੱਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ, ਜਦਕਿ ਇਸ ਜਿੱਤ ਨਾਲ ਬ੍ਰਾਜ਼ੀਲ ਨੇ ਅਗਲੇ ਗੇੜ ਵੱਲ ਕਦਮ ਵਧਾਏ ਹਨ।
ਬ੍ਰਾਜ਼ੀਲ ਵੱਲੋਂ ਸਟਾਰ ਖਿਡਾਰੀ ਮੈਥੀਆਸ ਕੁਨਹਾ ਨੇ ਪਹਿਲੇ ਮੈਚ ਦੀ ਨਿਰਾਸ਼ਾ ਨੂੰ ਪਿੱਛੇ ਛੱਡਦਿਆਂ ਸ਼ਾਨਦਾਰ ਵਾਪਸੀ ਕੀਤੀ। ਸ਼ੁਰੂਆਤੀ ਲਾਈਨਅੱਪ ਵਿੱਚ ਸ਼ਾਮਲ ਹੁੰਦਿਆਂ ਹੀ ਉਸ ਨੇ ਮੈਚ ਦੇ 23ਵੇਂ ਅਤੇ 36ਵੇਂ ਮਿੰਟ ਵਿੱਚ ਦੋ ਬਿਹਤਰੀਨ ਗੋਲ ਦਾਗ਼ੇ। ਇਸ ਤੋਂ ਬਾਅਦ ਵਿਨੀਸੀਅਸ ਜੂਨੀਅਰ ਨੇ ਪਹਿਲੇ ਹਾਫ ਦੇ ਆਖ਼ਰੀ ਪਲਾਂ ਵਿੱਚ ਤੀਜਾ ਗੋਲ ਕਰ ਕੇ ਬ੍ਰਾਜ਼ੀਲ ਨੂੰ 3-0 ਦੀ ਇੱਕਤਰਫ਼ਾ ਜਿੱਤ ਦਿਵਾਈ।
ਦੂਜੇ ਰੋਮਾਂਚਕ ਮੁਕਾਬਲੇ ਵਿੱਚ ਮੋਰੱਕੋ ਨੇ ਇਸਮਾਈਲ ਸੈਬਾਰੀ ਦੇ ਮੈਚ ਦੇ ਦੂਜੇ ਮਿੰਟ (ਮਹਿਜ਼ 72ਵੇਂ ਸੈਕਿੰਡ) ਵਿੱਚ ਕੀਤੇ ਸ਼ਾਨਦਾਰ ਗੋਲ ਦੀ ਬਦੌਲਤ ਸਕੌਟਲੈਂਡ ਨੂੰ 1-0 ਨਾਲ ਹਰਾ ਦਿੱਤਾ। ਫਾਰਵਰਡ ਸੈਬਾਰੀ ਨੇ ਸਕੌਟਲੈਂਡ ਦੇ ਡਿਫੈਂਡਰਾਂ ਨੂੰ ਝਕਾਨੀ ਦਿੰਦਿਆਂ ਇਹ ਫ਼ੈਸਲਾਕੁੰਨ ਗੋਲ ਕੀਤਾ। ਇਸ ਜਿੱਤ ਨਾਲ ਪਿਛਲੇ ਵਿਸ਼ਵ ਕੱਪ ਦੀ ਸੈਮੀ ਫਾਈਨਲਿਸਟ ਮੋਰੱਕੋ ਟੀਮ ਦੀ ਲਗਾਤਾਰ ਦੂਜੀ ਵਾਰ ਨਾਕਆਊਟ ਵਿੱਚ ਪਹੁੰਚਣ ਦੀ ਉਮੀਦ ਬਰਕਰਾਰ ਹੈ, ਜਿਸ ਦਾ ਪਹਿਲਾ ਮੈਚ ਬ੍ਰਾਜ਼ੀਲ ਨਾਲ 1-1 ਨਾਲ ਡਰਾਅ ਰਿਹਾ ਸੀ। ਦੂਜੇ ਪਾਸੇ, ਆਪਣੇ ਪਹਿਲੇ ਮੈਚ ਵਿੱਚ ਹੈਤੀ ਨੂੰ ਹਰਾਉਣ ਵਾਲੀ ਸਕੌਟਲੈਂਡ ਦੀ ਟੀਮ ਮੋਰੱਕੋ ਦੇ ਮਜ਼ਬੂਤ ਡਿਫੈਂਸ ਅੱਗੇ ਗੋਲ ਕਰਨ ਲਈ ਸੰਘਰਸ਼ ਕਰਦੀ ਨਜ਼ਰ ਆਈ। ਹੁਣ ਅਗਲੇ ਗਰੁੱਪ ਮੈਚਾਂ ਵਿੱਚ ਸਕੌਟਲੈਂਡ ਦਾ ਮੁਕਾਬਲਾ ਬ੍ਰਾਜ਼ੀਲ ਨਾਲ ਅਤੇ ਮੋਰੱਕੋ ਦਾ ਸਾਹਮਣਾ ਹੈਤੀ ਨਾਲ ਹੋਵੇਗਾ।
ਪੈਰਾਗੁਏ ਨੇ ਤੁਰਕੀ ਨੂੰ 1-0 ਨਾਲ ਹਰਾਇਆ
ਸੈਂਟਾ ਕਲਾਰਾ (ਕੈਲੀਫੋਰਨੀਆ): ਪੈਰਾਗੁਏ ਦੇ ਮੈਟੀਆਸ ਗਲਾਰਜ਼ਾ ਨੇ ਮੈਚ ਸ਼ੁਰੂ ਹੋਣ ਦੇ ਮਹਿਜ਼ 65 ਸੈਕਿੰਡਾਂ ਅੰਦਰ ਮੌਜੂਦਾ ਆਲਮੀ ਫੀਫਾ ਕੱਪ ਦਾ ਸਭ ਤੋਂ ਤੇਜ਼ ਗੋਲ ਦਾਗ਼ਿਆ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੈਰਾਗੁਏ ਨੇ ਜ਼ਿਆਦਾਤਰ ਸਮਾਂ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਤੁਰਕੀ ਨੂੰ 1-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਜਿੱਥੇ ਅਮਰੀਕਾ ਦੀ ਗਰੁੱਪ ‘ਡੀ’ ਵਿੱਚ ਸਿਖਰ ’ਤੇ ਥਾਂ ਪੱਕੀ ਹੋ ਗਈ, ਉੱਥੇ ਹੀ ਤੁਰਕੀ ਦੀ ਨਾਕਆਊਟ ਵਿੱਚ ਪਹੁੰਚਣ ਦੀ ਉਮੀਦ ਲਗਪਗ ਖ਼ਤਮ ਹੋ ਗਈ ਹੈ। ਕੋਚ ਗੁਸਤਾਵੋ ਅਲਫਾਰੋ ਨੇ ਪਹਿਲੇ ਮੈਚ ਵਿੱਚ ਬੈਂਚ ’ਤੇ ਬੈਠੇ ਮੈਟੀਆਸ ਨੂੰ ਇਸ ਵਾਰ ਸ਼ੁਰੂਆਤੀ ਲਾਈਨਅੱਪ ਵਿੱਚ ਸ਼ਾਮਲ ਕੀਤਾ। ਮੈਟੀਆਸ ਨੇ 25 ਗਜ਼ ਦੀ ਦੂਰੀ ਤੋਂ ਖੱਬੇ ਪੈਰ ਨਾਲ ਸ਼ਾਨਦਾਰ ਸ਼ਾਟ ਮਾਰ ਕੇ ਕੋਚ ਦੇ ਫ਼ੈਸਲੇ ਨੂੰ ਸਹੀ ਸਾਬਤ ਕੀਤਾ। ਉਸ ਨੇ ਇਸ ਪਲ ਨੂੰ ਵਿਸ਼ਵ ਫੁਟਬਾਲ ਦੇ ਸਭ ਤੋਂ ਵੱਡੇ ਮੰਚ ’ਤੇ ਆਪਣੇ ਲਈ ਨਾਭੁੱਲਣਯੋਗ ਦੱਸਿਆ। -ਏਪੀ
ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਅਮਰੀਕਾ ਨਾਕਆਊਟ ’ਚ
ਸੀਆਟਲ: ਅਮਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਆਲਮੀ ਕੱਪ ਦੇ ਨਾਕਆਊਟ ਗੇੜ ਵਿੱਚ ਥਾਂ ਬਣਾ ਲਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਪਹਿਲੇ ਦੋ ਮੈਚ ਜਿੱਤ ਕੇ ਸਿੱਧਾ ਨਾਕਆਊਟ ਵਿੱਚ ਪਹੁੰਚਿਆ ਹੈ। ਮੈਚ ਦੇ 11ਵੇਂ ਮਿੰਟ ਵਿੱਚ ਫੋਲਾਰਿਨ ਬਾਲੋਗੁਨ ਦੇ ਪਾਸ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਆਸਟਰੇਲੀਆ ਦੇ ਡਿਫੈਂਡਰ ਕੈਮਰੂਨ ਬਰਗੇਸ ਕੋਲੋਂ ਆਤਮਘਾਤੀ ਗੋਲ ਹੋ ਗਿਆ, ਜਿਸ ਨਾਲ ਅਮਰੀਕਾ ਨੂੰ 1-0 ਦੀ ਲੀਡ ਮਿਲੀ। ਇਸ ਮਗਰੋਂ 43ਵੇਂ ਮਿੰਟ ਵਿੱਚ ਅਲੈਕਸ ਫਰੀਮੈਨ ਨੇ ਹੈਡਰ ਰਾਹੀਂ ਸ਼ਾਨਦਾਰ ਗੋਲ ਕਰ ਕੇ ਅਮਰੀਕਾ ਨੂੰ 2-0 ਨਾਲ ਜਿੱਤ ਦਿਵਾਈ। -ਏਪੀ
