FIFA World Cup 2026: ਸਵਿਟਜ਼ਰਲੈਂਡ ਨੂੰ ਹਰਾ ਕੇ ਅਰਜਨਟੀਨਾ ਸੈਮੀਫਾਈਨਲ ’ਚ
ਰੋਮਾਂਚਕ ਮੁਕਾਬਲੇ ਵਿੱਚ 3-1 ਨਾਲ ਮਾਤ ਦਿੱਤੀ; ਆਖ਼ਰੀ ਚਾਰ ਵਿੱਚ ਇੰਗਲੈਂਡ ਨਾਲ ਹੋਵੇਗੀ ਟੱਕਰ
ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਇੱਕ ਵਾਰ ਫਿਰ ਮੁਸ਼ਕਲ ਹਾਲਾਤ ਵਿੱਚੋਂ ਨਿਕਲਦਿਆਂ ਫੁਟਬਾਲ ਆਲਮੀ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਰੋਹੈੱਡ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਅਰਜਨਟੀਨਾ ਹੁਣ ਅਗਲੇ ਮੁਕਾਬਲੇ ਵਿੱਚ ਇੰਗਲੈਂਡ ਦਾ ਸਾਹਮਣਾ ਕਰੇਗਾ, ਜੋ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਿਆ। ਦੂਜੇ ਪਾਸੇ, ਫਰਾਂਸ ਅਤੇ ਸਪੇਨ ਪਹਿਲਾਂ ਹੀ ਆਖਰੀ ਚਾਰ ਵਿੱਚ ਪਹੁੰਚ ਚੁੱਕੇ ਹਨ। ਆਲਮੀ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਫੀਫਾ ਰੈਂਕਿੰਗ ਦੀਆਂ ਸਿਖਰਲੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ, ਜਿਸ ਮਗਰੋਂ ਵਾਧੂ ਸਮੇਂ ਵਿੱਚ ਜੂਲੀਅਨ ਅਲਵਾਰੇਜ਼ ਅਤੇ ਬਾਅਦ ਵਿੱਚ ਲੌਟਾਰੋ ਮਾਰਟੀਨੇਜ਼ ਦੇ ਸ਼ਾਨਦਾਰ ਗੋਲਾਂ ਸਦਕਾ ਅਰਜਨਟੀਨਾ ਨੇ ਜਿੱਤ ਹਾਸਲ ਕੀਤੀ। ਅਰਜਨਟੀਨਾ ਲਈ ਪਹਿਲਾ ਗੋਲ ਅਲੈਕਸਿਸ ਮੈਕ ਐਲਿਸਟਰ ਨੇ ਲਿਓਨਲ ਮੈਸੀ ਦੇ ਕਾਰਨਰ ਕਿੱਕ ਪਾਸ ’ਤੇ ਕੀਤਾ। ਸਵਿਟਜ਼ਰਲੈਂਡ ਦੇ ਡੈਨ ਐਨਡੋਏ ਨੇ 67ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ ਸੀ ਪਰ ਮੈਚ ਦਾ ਰੁਖ਼ ਉਦੋਂ ਬਦਲ ਗਿਆ ਜਦੋਂ ਵੀਡੀਓ ਅਸਿਸਟੈਂਟ ਰੈਫਰੀ ਦੀ ਦਖ਼ਲਅੰਦਾਜ਼ੀ ਮਗਰੋਂ ਸਵਿਸ ਖਿਡਾਰੀ ਬ੍ਰੀਲ ਐਂਬੋਲੋ ਨੂੰ ਲਾਲ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ। ਸਵਿਟਜ਼ਰਲੈਂਡ ਦੇ ਕੋਚ ਮੁਰਾਤ ਯਾਕਿਨ ਨੇ ਇਸ ਫ਼ੈਸਲੇ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ।
ਜੂਡ ਬੇਲਿੰਗਮ ਦੇ ਦੋ ਗੋਲਾਂ ਸਦਕਾ ਇੰਗਲੈਂਡ ਵੀ ਆਖ਼ਰੀ ਚਾਰ ’ਚ ਪੁੱਜਿਆ
ਮਿਆਮੀ ਗਾਰਡਨਜ਼: ਜੂਡ ਬੇਲਿੰਗਮ ਦੇ ਸ਼ਾਨਦਾਰ ਦੋ ਗੋਲਾਂ ਸਦਕਾ ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਹਰਾ ਕੇ ਆਲਮੀ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 2018 ਤੋਂ ਬਾਅਦ ਇੰਗਲੈਂਡ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚਿਆ ਹੈ।
ਨਾਰਵੇ ਵੱਲੋਂ 36ਵੇਂ ਮਿੰਟ ਵਿੱਚ ਐਂਡਰੀਆਸ ਸ਼ਜੈਲਡਰੂਪ ਨੇ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ ਸੀ ਪਰ ਬੇਲਿੰਗਮ ਨੇ ਪਹਿਲੇ ਅੱਧ ਵਿੱਚ ਹੀ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਮੈਚ ਦੇ ਵਾਧੂ ਸਮੇਂ ਦੇ ਤੀਜੇ ਮਿੰਟ ਵਿੱਚ ਬੇਲਿੰਗਮ ਨੇ ਆਪਣਾ ਦੂਜਾ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ। ਨਾਰਵੇ ਦਾ ਸਟਾਰ ਸਟਰਾਈਕਰ ਅਰਲਿੰਗ ਹਾਲੈਂਡ ਇਸ ਮੈਚ ਵਿੱਚ ਕੋਈ ਗੋਲ ਨਹੀਂ ਕਰ ਸਕਿਆ। ਜਿੱਤ ਦੇ ਬਾਵਜੂਦ ਇੰਗਲੈਂਡ ਦੇ ਕੋਚ ਥੌਮਸ ਟੂਚਲ ਟੀਮ ਦੇ ਪ੍ਰਦਰਸ਼ਨ ਤੋਂ ਨਾਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਟੀਮ ਨੇ ਆਪਣੇ ਲਈ ਮੈਚ ਬਹੁਤ ਔਖਾ ਬਣਾ ਲਿਆ ਸੀ। ਹਾਲਾਂਕਿ ਬੇਲਿੰਗਮ ਨੇ ਕੋਚ ਦੀ ਆਲੋਚਨਾ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਖਿਡਾਰੀਆਂ ਦੀ ਸ਼ਲਾਘਾ ਕੀਤੀ। -ਪੀਟੀਆਈ
ਸੈਨੇਗਲ ਵੱਲੋਂ ਮੁੱਖ ਕੋਚ ਅਤੇ ਤਕਨੀਕੀ ਸਟਾਫ਼ ਬਰਖ਼ਾਸਤ
ਡਕਾਰ: ਸੈਨੇਗਲ ਨੇ ਆਲਮੀ ਕੱਪ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਫੁਟਬਾਲ ਦੇ ਮੁੱਖ ਕੋਚ ਪਾਪੇ ਥੀਆਵ ਅਤੇ ਉਸ ਦੇ ਸਮੁੱਚੇ ਤਕਨੀਕੀ ਸਟਾਫ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਕੌਮੀ ਫੁਟਬਾਲ ਫੈਡਰੇਸ਼ਨ ਅਨੁਸਾਰ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਆਲਮੀ ਕੱਪ ਦੇ ਆਖਰੀ 16 ਗੇੜ ਦੇ ਮੁਕਾਬਲੇ ਵਿੱਚ ਸੈਨੇਗਲ ਦੀ ਟੀਮ 83ਵੇਂ ਮਿੰਟ ਤੱਕ 2-0 ਨਾਲ ਅੱਗੇ ਹੋਣ ਦੇ ਬਾਵਜੂਦ ਬੈਲਜੀਅਮ ਹੱਥੋਂ ਹਾਰ ਕੇ ਬਾਹਰ ਹੋ ਗਈ ਸੀ। ਇਸ ਤੋਂ ਪਹਿਲਾਂ ਗਰੁੱਪ ਗੇੜ ਵਿੱਚ ਵੀ ਫਰਾਂਸ ਅਤੇ ਨਾਰਵੇ ਤੋਂ ਮਿਲੀ ਹਾਰ ਕਾਰਨ ਟੀਮ ਮੁਸ਼ਕਲ ਵਿੱਚ ਫਸ ਗਈ ਸੀ। -ਏਪੀ

