FIFA: ਪਹਿਲੀ ਵਾਰ Quarter Final ’ਚ No ਪੁੱਜੇ Brazil ਤੇ Germany
ਯੂਰੋਪ ਦੀਆਂ ਛੇ ਟੀਮਾਂ ਆਖਰੀ ਅੱਠ ’ਚ; ਅੱਠਾਂ ’ਚੋਂ ਚਾਰ ਟੀਮਾਂ ਨੇ ਅਜੇ ਤੱਕ ਨਹੀਂ ਜਿੱਤਿਆ ਹੈ ਖ਼ਿਤਾਬ
ਪਹਿਲੀ ਵਾਰ 48 ਟੀਮਾਂ ਨਾਲ ਹੋ ਰਹੇ ਆਲਮੀ ਫੀਫਾ ਕੱਪ ਵਿੱਚ ਹੁਣ ਆਖਰੀ ਅੱਠ ਟੀਮਾਂ ਬਚੀਆਂ ਹਨ, ਜੋ 19 ਜੁਲਾਈ ਨੂੰ ਫਾਈਨਲ ਤੱਕ ਪਹੁੰਚਣ ਲਈ ਆਪਣਾ ਪੂਰਾ ਜ਼ੋਰ ਲਗਾਉਣਗੀਆਂ। ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕੁਆਰਟਰ ਫਾਈਨਲ ਵਿੱਚ ਬ੍ਰਾਜ਼ੀਲ ਅਤੇ ਜਰਮਨੀ ਦੋਵੇਂ ਹੀ ਸ਼ਾਮਲ ਨਹੀਂ ਹਨ।
ਇਸ ਵਾਰ ਕੁਆਰਟਰ ਫਾਈਨਲ ਵਿੱਚ ਯੂਰੋਪ ਦੀਆਂ ਛੇ ਟੀਮਾਂ ਹਨ, ਜਦੋਂ ਕਿ ਚਾਰ ਸਾਲ ਪਹਿਲਾਂ ਕਤਰ ਵਿੱਚ ਪੰਜ ਯੂਰੋਪੀਅਨ ਟੀਮਾਂ ਅੰਤਿਮ ਅੱਠ ਵਿੱਚ ਸਨ। ਇਸ ਤੋਂ ਇਲਾਵਾ, ਅਫਰੀਕਾ ਦੀ ਇੱਕ (ਮੋਰੱਕੋ) ਅਤੇ ਦੱਖਣੀ ਅਮਰੀਕਾ ਦੀ ਇੱਕ (ਅਰਜਨਟੀਨਾ) ਟੀਮ ਸ਼ਾਮਲ ਹੈ। 17 ਵਿੱਚੋਂ 10 ਆਲਮੀ ਕੱਪਾਂ ਵਿੱਚ ਬ੍ਰਾਜ਼ੀਲ ਅਤੇ ਜਰਮਨੀ ਦੋਵੇਂ ਕੁਆਰਟਰ ਫਾਈਨਲ ਤੱਕ ਪਹੁੰਚੇ ਹਨ। ਜਰਮਨੀ 1938, 1950, 2018 ਅਤੇ 2022 ਵਿੱਚ ਅੰਤਿਮ ਅੱਠਾਂ ਵਿੱਚ ਨਹੀਂ ਸੀ, ਜਦੋਂ ਕਿ ਬ੍ਰਾਜ਼ੀਲ 1934, 1966 ਅਤੇ 1990 ਵਿੱਚ ਉੱਥੇ ਨਹੀਂ ਪਹੁੰਚ ਸਕਿਆ ਸੀ ਪਰ ਅਜਿਹਾ ਕਦੇ ਨਹੀਂ ਹੋਇਆ ਕਿ ਇਹ ਦੋਵੇਂ ਦਿੱਗਜ ਇਕੱਠੇ ਹੀ ਅੰਤਿਮ ਅੱਠ (ਕੁਆਰਟਰ ਫਾਈਨਲ) ਵਿੱਚੋਂ ਗਾਇਬ ਹੋਣ। ਬ੍ਰਾਜ਼ੀਲ ਨੂੰ ਅੰਤਿਮ 16 (ਰਾਊਂਡ ਆਫ 16) ਦੇ ਗੇੜ ਵਿੱਚ ਨਾਰਵੇ ਨੇ ਅਤੇ ਜਰਮਨੀ ਨੂੰ ਅੰਤਿਮ 32 (ਰਾਊਂਡ ਆਫ 32) ਵਿੱਚ ਪੈਰਾਗੁਏ ਨੇ ਹਰਾਇਆ ਸੀ। ਜ਼ਿਕਰਯੋਗ ਹੈ ਕਿ ਆਲਮੀ ਕੱਪ 1930, 1950, 1974, 1978 ਤੇ 1982 ਵਿੱਚ ਕੁਆਰਟਰ ਫਾਈਨਲ ਨਹੀਂ ਹੋਏ ਸਨ। ਇਸ ਆਲਮੀ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਅੱਠ ਟੀਮਾਂ ਵਿੱਚੋਂ ਚਾਰ ਪਹਿਲਾਂ ਵੀ ਖ਼ਿਤਾਬ ਜਿੱਤ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਅਰਜਨਟੀਨਾ ਨੇ ਤਿੰਨ, ਫਰਾਂਸ ਨੇ ਦੋ, ਜਦੋਂ ਕਿ ਇੰਗਲੈਂਡ ਅਤੇ ਸਪੇਨ ਨੇ ਇੱਕ-ਇੱਕ ਵਾਰ ਟਰਾਫੀ ਆਪਣੇ ਨਾਮ ਕੀਤੀ ਹੈ।
ਦੂਜੇ ਪਾਸੇ, ਬੈਲਜੀਅਮ ਅਤੇ ਮੋਰੱਕੋ ਕਦੇ ਵੀ ਸੈਮੀਫਾਈਨਲ ਤੋਂ ਅੱਗੇ ਨਹੀਂ ਗਏ ਹਨ। ਇਸ ਦੇ ਨਾਲ ਹੀ ਸਵਿਟਜ਼ਰਲੈਂਡ 1954 ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ ਅਤੇ ਨਾਰਵੇ ਇਸ ਤੋਂ ਪਹਿਲਾਂ ਕਦੇ ਅੰਤਿਮ 16 ਤੋਂ ਅੱਗੇ ਨਹੀਂ ਵਧਿਆ ਸੀ। ਮਤਲਬ 2010 ਵਿੱਚ ਸਪੇਨ ਤੋਂ ਬਾਅਦ ਪਹਿਲੀ ਵਾਰ ਦੁਨੀਆ ਨੂੰ ਕੋਈ ਨਵਾਂ ਚੈਂਪੀਅਨ ਮਿਲ ਸਕਦਾ ਹੈ।
ਮੈਕਸਿਕੋ-ਇੰਗਲੈਂਡ ਮੈਚ ਵਿੱਚ ਦਰਸ਼ਕਾਂ ਦੀ ਰਿਕਾਰਡ ਗਿਣਤੀ
ਨਿਊਯਾਰਕ: ਫੌਕਸ ਨੈੱਟਵਰਕ ਅਨੁਸਾਰ, ਆਲਮੀ ਫੀਫਾ ਕੱਪ ਦੇ ਰਾਊਂਡ 16 ਵਿੱਚ ਇੰਗਲੈਂਡ ਅਤੇ ਮੈਕਸਿਕੋ ਵਿਚਾਲੇ ਹੋਇਆ ਮੁਕਾਬਲਾ ਅਮਰੀਕੀ ਟੀਮ ਤੋਂ ਬਿਨਾਂ ਖੇਡਿਆ ਗਿਆ ਅਜਿਹਾ ਆਲਮੀ ਕੱਪ ਮੈਚ ਬਣ ਗਿਆ ਹੈ ਜਿਸ ਨੂੰ ਅਮਰੀਕਾ ਵਿੱਚ ਅੰਗਰੇਜ਼ੀ ਪ੍ਰਸਾਰਨ ਦੇ ਜ਼ਰੀਏ ਸਭ ਤੋਂ ਵੱਧ ਦਰਸ਼ਕਾਂ ਵੱਲੋਂ ਦੇਖਿਆ ਗਿਆ। ਨੈੱਟਵਰਕ ਨੇ ਬੁੱਧਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਮੈਕਸਿਕੋ ਸਿਟੀ ਵਿੱਚ ਔਸਤ 2.17 ਕਰੋੜ ਤੋਂ ਵੱਧ ਦਰਸ਼ਕਾਂ ਨੇ ਇਸ ਪ੍ਰਸਾਰਨ ਨੂੰ ਦੇਖਿਆ। ਇਸ ਨੇ 2022 ਵਿੱਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡੇ ਗਏ ਫਾਈਨਲ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੂੰ 1.67 ਕਰੋੜ ਦਰਸ਼ਕਾਂ ਨੇ ਦੇਖਿਆ ਸੀ। ਫੌਕਸ ਨੇ ਦੱਸਿਆ ਕਿ ਰਾਤ 10.15 ਤੋਂ 10.30 ਵਜੇ ਵਿਚਕਾਰ ਦਰਸ਼ਕਾਂ ਦੀ ਗਿਣਤੀ 2.57 ਕਰੋੜ ਤੋਂ ਵੀ ਪਾਰ ਪਹੁੰਚ ਗਈ ਸੀ। ਇਸ ਦੇ ਬਾਵਜੂਦ, ਅਗਲੇ ਦਿਨ ਖੇਡਿਆ ਗਿਆ ਅਮਰੀਕਾ-ਬੈਲਜੀਅਮ ਮੁਕਾਬਲਾ ਅਜੇ ਵੀ 3 ਕਰੋੜ ਦਰਸ਼ਕਾਂ ਦੇ ਨਾਲ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਆਲਮੀ ਕੱਪ ਮੈਚ ਬਣਿਆ ਹੋਇਆ ਹੈ। -ਏਪੀ

