ਟੋਕੀਓ, 25 ਜੁਲਾਈ
ਭਾਰਤ ਸਰਕਾਰ ਨੇ ਟੋਕੀਓ ਓਲੰਪਿਕ ਖੇਡਾਂ ਲਈ ਜਾਪਾਨ ਗਏ ਅਥਲੀਟਾਂ, ਅਧਿਕਾਰੀਆਂ ਤੇ ਮੀਡੀਆ ਨੂੰ ਵਾਪਸੀ ਮੌਕੇ ਕੋਵਿਡ-19 ਲਈ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਲਾਜ਼ਮੀ ਪੇਸ਼ ਕਰਨ ਤੋਂ ਛੋਟ ਦੇ ਦਿੱਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਸਰਕਾਰ ਦੇ ਇਸ ਫੈਸਲੇ ਸਬੰਧੀ ਅਧਿਕਾਰ ਪੱਤਰ ਜਾਰੀ ਕੀਤਾ ਹੈ। ਚੇਤੇ ਰਹੇ ਕਿ ਟੋਕੀਓ ਓਲੰਪਿਕ ’ਚ ਭਾਰਤ ਦਾ ਖਾਤਾ ਖੋਲ੍ਹਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਭਲਕੇ ਦੇਸ਼ ਪਰਤ ਸਕਦੀ ਹੈ। ਇਸ ਤੋਂ ਪਹਿਲਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਚੇਅਰਮੈਨ ਨਰਿੰਦਰ ਬੱਤਰਾ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਟੋਕੀਓ ਓਲੰਪਿਕ ਤੋਂ ਪਰਤਣ ਵਾਲੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਕਰੋਨਾ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਦਿਖਾਉਣ ਤੋਂ ਬਿਨਾਂ ਹੀ ਦੇਸ਼ ਵਿੱਚ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇ। ਬੱਤਰਾ ਨੇ ਖੇਡ ਸਕੱਤਰ ਰਵੀ ਮਿੱਤਲ ਨੂੰ ਲਿਖੇ ਪੱਤਰ ’ਚ ਕਿਹਾ ਸੀ ਕਿ ਓਲੰਪਿਕ ਦਲ ਦਾ ਟੀਕਾਕਰਨ ਹੋ ਚੁੱਕਾ ਹੈ। ਇਸ ਲਈ ਉਨ੍ਹਾਂ ਨੂੰ ਦੇਸ਼ ਵਾਪਸੀ ’ਤੇ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਤੋਂ ਛੋਟ ਦਿੱਤੀ ਜਾਵੇ। -ਪੀਟੀਆਈ