ਇੰਗਲੈਂਡ ਦੇ ਪਾਕਿ ਮੂਲ ਦੇ ਖਿਡਾਰੀਆਂ ਨੂੰ ਭਾਰਤ ਲਈ ਵੀਜ਼ੇ ਮਿਲੇ
ਆਈ ਸੀ ਸੀ ਵੱਲੋਂ ਟੀ-20 ਵਿਸ਼ਵ ਕੱਪ ਲਈ ਵੀਜ਼ਾ ਪ੍ਰਕਿਰਿਆ ਜਲਦੀ ਨਿਬੇਡ਼ਨ ’ਤੇ ਜ਼ੋਰ
ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਭਾਰਤ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਵਿੱਚ ਸ਼ਾਮਲ ਪਾਕਿਸਤਾਨੀ ਮੂਲ ਦੇ 42 ਖਿਡਾਰੀਆਂ ਅਤੇ ਅਧਿਕਾਰੀਆਂ ਦੇ ਵੀਜ਼ੇ ਯਕੀਨੀ ਬਣਾਉਣ ਲਈ ਦਖਲ ਦਿੱਤਾ ਹੈ। ਸੂਤਰਾਂ ਮੁਤਾਬਕ ਇੰਗਲੈਂਡ ਦੀ ਟੀਮ ਵਿੱਚ ਸ਼ਾਮਲ ਸਪਿੰਨਰ ਆਦਿਲ ਰਾਸ਼ਿਦ, ਰੇਹਾਨ ਅਹਿਮਦ ਅਤੇ ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਦੇ ਵੀਜ਼ੇ ਮਨਜ਼ੂਰ ਹੋ ਗਏ ਹਨ। ਇਸੇ ਤਰ੍ਹਾਂ ਨੈਦਰਲੈਂਡਜ਼ ਦੇ ਖਿਡਾਰੀਆਂ ਅਤੇ ਕੈਨੇਡਾ ਦੇ ਸਟਾਫ ਮੈਂਬਰ ਸ਼ਾਹ ਸਲੀਮ ਜ਼ਫ਼ਰ ਨੂੰ ਵੀ ਹਰੀ ਝੰਡੀ ਮਿਲ ਗਈ ਹੈ।
ਅਮਰੀਕਾ, ਯੂ ਏ ਈ, ਇਟਲੀ, ਬੰਗਲਾਦੇਸ਼ ਅਤੇ ਕੈਨੇਡਾ ਦੀਆਂ ਟੀਮਾਂ ਵਿੱਚ ਸ਼ਾਮਲ ਪਾਕਿਸਤਾਨੀ ਮੂਲ ਦੇ ਖਿਡਾਰੀਆਂ ਲਈ ਵੀਜ਼ਾ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਲਈ ਅਗਲੇ ਹਫ਼ਤੇ ਵੀਜ਼ਾ ਅਪੁਆਇੰਟਮੈਂਟਾਂ ਤੈਅ ਕੀਤੀਆਂ ਗਈਆਂ ਹਨ, ਜਿਸ ਤੋਂ ਸਾਫ਼ ਹੈ ਕਿ ਕੰਮ ਅੰਤਿਮ ਪੜਾਅ ਵਿੱਚ ਹੈ। ਭਾਰਤ ਵਿੱਚ ਪਾਕਿਸਤਾਨੀ ਮੂਲ ਦੇ ਬਿਨੈਕਾਰਾਂ ਦੇ ਵੀਜ਼ਿਆਂ ਦੀ ਜਾਂਚ ਬਹੁਤ ਬਾਰੀਕੀ ਨਾਲ ਹੁੰਦੀ ਹੈ ਅਤੇ ਇਸ ਵਿੱਚ ਆਮ ਨਾਲੋਂ ਵੱਧ ਸਮਾਂ ਲੱਗਦਾ ਹੈ।
ਆਈ ਸੀ ਸੀ ਵੱਖ-ਵੱਖ ਦੇਸ਼ਾਂ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤਾਂ ਜੋ ਬਾਕੀ ਰਹਿੰਦੇ ਖਿਡਾਰੀਆਂ ਦੇ ਵੀਜ਼ੇ ਬਿਨਾਂ ਕਿਸੇ ਦੇਰੀ ਦੇ ਜਾਰੀ ਹੋ ਸਕਣ। ਵੀਜ਼ਾ ਜਾਰੀ ਕਰਨ ਦੀ ਆਖਰੀ ਮਿਤੀ 31 ਜਨਵਰੀ ਹੈ।

