ਇੰਗਲੈਂਡ ਨੇ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ
ਟੌਮ ਬੈਂਟਨ ਦਾ ਸ਼ਾਨਦਾਰ ਅਰਧ ਸੈਂਕੜਾ; ਆਦਿਲ ਨੇ ਝਟਕਾਈਆਂ ਤਿੰਨ ਵਿਕਟਾਂ
ਇੰਗਲੈਂਡ ਨੇ ਕਿਫ਼ਾਇਤੀ ਗੇਂਦਬਾਜ਼ੀ ਅਤੇ ਟੌਮ ਬੈਂਟਨ ਦੇ ਸ਼ਾਨਦਾਰ ਅਰਧ ਸੈਂਕੜੇ ਸਦਕਾ ਅੱਜ ਇੱਥੇ ਆਈ ਸੀ ਸੀ ਟੀ-20 ਵਿਸ਼ਵ ਕੱਪ ਗਰੁੱਪ ‘ਸੀ’ ਮੈਚ ਵਿੱਚ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕਾਟਲੈਂਡ ਦੀ ਪੂਰੀ ਟੀਮ 19.4 ਓਵਰਾਂ ਵਿੱਚ 152 ਦੌੜਾਂ ’ਤੇ ਆਊਟ ਹੋ ਗਈ। ਕਪਤਾਨ ਰਿਚੀ ਬਰਿੰਗਟਨ ਨੇ ਸਭ ਤੋਂ ਵੱਧ 32 ਗੇਂਦਾਂ ਵਿੱਚ 49 ਦੌੜਾਂ ਬਣਾਈਆਂ, ਜਦਕਿ ਸਲਾਮੀ ਬੱਲੇਬਾਜ਼ੀ ਮਾਈਕਲ ਜੋਨਸ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਆਦਿਲ ਰਾਸ਼ਿਦ ਨੇ 36 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਲਿਆਮ ਡਾਅਸਨ ਤੇ ਜੋਫਰਾ ਆਰਚਰ ਹੱਥ ਵੀ ਦੋ-ਦੋ ਵਿਕਟਾਂ ਲੱਗੀਆਂ। ਇੰਗਲੈਂਡ ਨੇ ਟੌਮ ਬੈਂਟਨ ਦੀਆਂ 41 ਗੇਂਦਾਂ ’ਤੇ ਨਾਬਾਦ 63 ਦੌੜਾਂ ਦੀ ਮਦਦ ਨਾਲ 18.2 ਓਵਰਾਂ ਵਿੱਚ ਪੰਜ ਵਿਕਟਾਂ ’ਤੇ 155 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਬੈਂਟਨ ਨੇ ਆਪਣੀ ਪਾਰੀ ਦੌਰਾਨ ਚਾਰ ਚੌਕੇ ਅਤੇ ਤਿੰਨ ਛੱਕੇ ਜੜੇ। ਇਸ ਤੋਂ ਇਲਾਵਾ ਜੈਕਬ ਬੈਥੇਲ ਨੇ 28 ਗੇਂਦਾਂ ਵਿੱਚ 32 ਦੌੜਾਂ ਅਤੇ ਸੈਮ ਕਰਨ ਨੇ 20 ਗੇਂਦਾਂ ਵਿੱਚ 28 ਦੌੜਾਂ ਦਾ ਯੋਗਦਾਨ ਪਾਇਆ।
ਆਇਰਲੈਂਡ ਨੇ ਓਮਾਨ ਨੂੰ 96 ਦੌੜਾਂ ਨਾਲ ਹਰਾਇਆ
ਕਪਤਾਨ ਲੋਰਕਨ ਟੱਕਰ ਦੀਆਂ 51 ਗੇਂਦਾਂ ਵਿੱਚ 94 ਦੌੜਾਂ ਦੀ ਬਦੌਲਤ ਆਇਰਲੈਂਡ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਦੇ ਇਕਪਾਸੜ ਮੈਚ ਵਿੱਚ ਅੱਜ ਓਮਾਨ ਨੂੰ 96 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਨੇ ਪੰਜ ਵਿਕਟਾਂ ’ਤੇ 235 ਦੌੜਾਂ ਬਣਾਈਆਂ। ਟੱਕਰ ਨੇ ਆਪਣੀ ਪਾਰੀ ਦੌਰਾਨ ਦਸ ਚੌਕੇ ਅਤੇ ਚਾਰ ਛੱਕੇ ਜੜੇ। ਉਸ ਦੀ ਪਾਰੀ ਦੇ ਦਮ ’ਤੇ ਆਇਰਲੈਂਡ ਨੇ ਤਿੰਨ ਵਿਕਟਾਂ ’ਤੇ 47 ਦੌੜਾਂ ਤੋਂ ਉਭਰਦਿਆਂ ਇਸ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਓਮਾਨ ਦੀ ਟੀਮ 18 ਓਵਰਾਂ ਵਿੱਚ 139 ਦੌੜਾਂ ’ਤੇ ਆਊਟ ਹੋ ਗਈ। ਆਮਿਰ ਕਲੀਮ ਨੇ 50 ਦੌੜਾਂ ਅਤੇ ਹਮਾਦ ਮਿਰਜ਼ਾ ਨੇ 46 ਦੌੜਾਂ ਬਣਾਈਆਂ। ਓਮਾਨ ਦੇ ਅੱਠ ਬੱਲੇਬਾਜ਼ ਦਹਾਈ ਅੰਕ ਤੱਕ ਵੀ ਨਹੀਂ ਪਹੁੰਚ ਸਕੇ। ਆਇਰਲੈਂਡ ਲਈ ਜੋਸ਼ ਲਿਟਿਲ ਨੇ ਚਾਰ ਓਵਰਾਂ ਵਿੱਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮੈਥਿਊ ਹੰਫਰੇਸ ਅਤੇ ਬੈਰੀ ਮੈਕਾਰਥੀ ਨੂੰ ਦੋ-ਦੋ ਵਿਕਟਾਂ ਮਿਲੀਆਂ।
ਦੱਖਣੀ ਅਫਰੀਕਾ ਦੀ 7 ਵਿਕਟਾਂ ਨਾਲ ਜਿੱਤ
ਅਹਿਮਦਾਬਾਦ: ਦੱਖਣੀ ਅਫਰੀਕਾ ਨੇ ਆਈ ਸੀ ਸੀ ਟੀ-20 ਦੇ ਗਰੁੱਪ ‘ਡੀ’ ਮੈਚ ਵਿੱਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 175 ਦੌੜਾਂ ਬਣਾਈਆਂ। ਮਾਰਕ ਚੈਪਮੈਨ ਨੇ 48 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਡੈਰਿਲ ਮਿਸ਼ੇਲ ਨੇ 32 ਦੌੜਾਂ ਅਤੇ ਫਿਨ ਐਲਨ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਲਈ ਮਾਰਕੋ ਜੈਨਸਨ ਨੇ ਆਪਣੇ ਕਰੀਅਰ ਦੀਆਂ ਰਿਕਾਰਡ ਚਾਰ ਵਿਕਟਾਂ ਲਈਆਂ। ਦੱਖਣੀ ਅਫਰੀਕਾ ਨੇ ਐਡਨ ਮਾਰਕਰਮ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਤਿੰਨ ਵਿਕਟਾਂ ’ਤੇ 178 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਉਸ ਨੇ 44 ਗੇਂਦਾਂ ਵਿੱਚ ਨਾਬਾਦ 86 ਦੌੜਾਂ ਬਣਾਈਆਂ, ਜਿਸ ਵਿੱਚ ਅੱਠ ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਇਸ ਤੋਂ ਇਲਾਵਾ ਡੇਵਿਡ ਮਿੱਲਰ ਨੇ ਨਾਬਾਦ 24 ਦੌੜਾਂ, ਰਿਆਲ ਰਿਕਲਟਨ ਤੇ ਡਿਵਾਲਡ ਬ੍ਰੇਵਿਸ ਨੇ 21-21 ਦੌੜਾਂ ਅਤੇ ਕੁਇੰਟਨ ਡੀ ਕਾਕ ਨੇ 20 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ

