ਇਲੀਟ ਮਹਿਲਾ ਮੁੱਕੇਬਾਜ਼ੀ ਮੁਕਾਬਲੇ ਅੱਜ ਤੋਂ
ਹੈਦਰਾਬਾਦ, 26 ਜੂਨ
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਅਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਭਲਕ ਤੋਂ ਇੱਥੇ ਸ਼ੁਰੂ ਹੋ ਰਹੇ ਇਲੀਟ ਮਹਿਲਾ ਮੁੱਕੇਬਾਜ਼ੀ ਮੁਕਾਬਲੇ ਵਿੱਚ ਖਿੱਚ ਦਾ ਕੇਂਦਰ ਹੋਣਗੀਆਂ। ਇਹ ਮੁਕਾਬਲੇ ਪਹਿਲੀ ਜੁਲਾਈ ਤਕ ਸਰੂਰਨਗਰ ਇਨਡੋਰ ਸਟੇਡੀਅਮ ਵਿੱਚ ਕਰਵਾਏ ਜਾਣਗੇ, ਜਿਸ ਵਿਚ ਸਾਬਕਾ ਵਿਸ਼ਵ ਯੁਵਾ ਚੈਂਪੀਅਨ ਅੰਕੁਸ਼ਿਤਾ ਬੋਰੋ ਵੀ ਸ਼ਾਮਲ ਹੋਵੇਗੀ। ਤਿਲੰਗਾਨਾ ਵੱਲੋਂ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਸਪੋਰਟਸ ਅਥਾਰਟੀ ਆਫ ਤਿਲੰਗਾਨਾ ਦੀ ਅਗਵਾਈ ਹੇਠ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ 15 ਇਕਾਈਆਂ ਦੇ ਮੁੱਕੇਬਾਜ਼ ਸ਼ਾਮਲ ਹੋਣਗੇ। ਇਸ ਮੁਕਾਬਲੇ ਵਿਚ ਰੇਲਵੇ, ਹਰਿਆਣਾ, ਆਲ ਇੰਡੀਆ ਪੁਲੀਸ, ਸਰਵਿਸਿਜ਼, ਪੰਜਾਬ, ਚੰਡੀਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ, ਸਿੱਕਮ, ਸੰਯੁਕਤ ਸਾਈ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਦੀ ਟੀਮ ਅਤੇ ਟੌਪਸ ਕੋਰ ਐਂਡ ਡਿਵੈਲਪਮੈਂਟ ਸਕੁਐਡ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਮੇਜ਼ਬਾਨ ਤੇਲੰਗਾਨਾ ਦੀ ਟੀਮ ਵੀ ਮੁਕਾਬਲੇ ਵਿਚ ਹਿੱਸਾ ਲਵੇਗੀ। ਹਰ ਵਰਗ ਵਿੱਚ ਸੋਨੇ ਅਤੇ ਚਾਂਦੀ ਦੇ ਤਗਮਾ ਜੇਤੂਆਂ ਨੂੰ ਪਟਿਆਲਾ ਵਿੱਚ ਹੋਣ ਵਾਲੇ ਉੱਚ ਪੱਧਰੀ ਰਾਸ਼ਟਰੀ ਕੈਂਪ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।