Elif Karaarslan: ਫੁਟਬਾਲ ਮੈਦਾਨ ਤੋਂ ਡਿਜੀਟਲ ਯੁਗ ਤੱਕ
ਸੋਸ਼ਲ ਮੀਡੀਆ ਦੇ ਦੌਰ ਵਿੱਚ, ਇੱਕ ਵੀਡੀਓ ਜਾਂ ਇੱਕ ਘਟਨਾ ਕਿਸੇ ਦੀ ਜ਼ਿੰਦਗੀ ਨੂੰ ਪਲਕ ਝਪਕਦਿਆਂ ਬਦਲ ਸਕਦੀ ਹੈ। ਕਈ ਵਾਰ ਇਹ ਬਦਲਾਅ ਸਕਾਰਾਤਮਕ ਹੁੰਦਾ ਹੈ ਅਤੇ ਕਈ ਵਾਰ ਵਿਵਾਦਪੂਰਨ। ਤੁਰਕੀ ਦੀ 24 ਸਾਲਾ ਫੁਟਬਾਲ ਰੈਫਰੀ ਐਲਿਫ਼ ਕਾਰਾਅਰਸਲਾਨ ਦੀ ਕਹਾਣੀ...
ਸੋਸ਼ਲ ਮੀਡੀਆ ਦੇ ਦੌਰ ਵਿੱਚ, ਇੱਕ ਵੀਡੀਓ ਜਾਂ ਇੱਕ ਘਟਨਾ ਕਿਸੇ ਦੀ ਜ਼ਿੰਦਗੀ ਨੂੰ ਪਲਕ ਝਪਕਦਿਆਂ ਬਦਲ ਸਕਦੀ ਹੈ। ਕਈ ਵਾਰ ਇਹ ਬਦਲਾਅ ਸਕਾਰਾਤਮਕ ਹੁੰਦਾ ਹੈ ਅਤੇ ਕਈ ਵਾਰ ਵਿਵਾਦਪੂਰਨ। ਤੁਰਕੀ ਦੀ 24 ਸਾਲਾ ਫੁਟਬਾਲ ਰੈਫਰੀ ਐਲਿਫ਼ ਕਾਰਾਅਰਸਲਾਨ ਦੀ ਕਹਾਣੀ ਇਸੇ ਵਰਤਾਰੇ ਦੀ ਉਦਾਹਰਣ ਹੈ। ਜਿਸ ਖੇਡ ਮੈਦਾਨ ਨੇ ਉਸ ਨੂੰ ਪਛਾਣ ਦਿੱਤੀ, ਉਥੋਂ ਹੀ ਇੱਕ ਵਿਵਾਦ ਨੇ ਉਸ ਨੂੰ ਬਾਹਰ ਕਰ ਦਿੱਤਾ, ਪਰ ਉਸ ਵਿਵਾਦ ਨੇ ਉਸ ਨੂੰ ਇੱਕ ਅਜਿਹੇ ਮੁਕਾਮ ’ਤੇ ਪਹੁੰਚਾ ਦਿੱਤਾ ਜਿਥੋਂ ਅੱਜ ਉਹ ਕਰੋੜਾਂ ਰੁਪਏ ਦੀ ਮਾਲਕ ਬਣ ਗਈ ਹੈ।
ਫੁਟਬਾਲ ਕੋਚ ਐਲਿਫ਼ ਕਾਰਾਅਰਸਲਾਨ ਦਾ ਜਨਮ ਤੁਰਕੀ ਵਿੱਚ ਹੋਇਆ। ਉਸ ਨੂੰ ਬਚਪਨ ਤੋਂ ਫੁਟਬਾਲ ਖੇਡਣ ਦਾ ਸ਼ੌਕ ਸੀ। ਉਹ ਪਹਿਲਾਂ ਇੱਕ ਪੇਸ਼ੇਵਰ ਫੁਟਬਾਲ ਖਿਡਾਰੀ ਵਜੋਂ ਮੈਦਾਨ ਵਿੱਚ ਉਤਰੀ, ਪਰ ਇੱਕ ਗੰਭੀਰ ਸੱਟ ਕਾਰਨ ਉਸ ਨੂੰ ਖੇਡ ਛੱਡਣੀ ਪਈ ਪਰ ਫੁਟਬਾਲ ਪ੍ਰਤੀ ਉਸ ਦੇ ਜਨੂੰਨ ਨੇ ਉਸ ਨੂੰ ਮੈਦਾਨ ਤੋਂ ਦੂਰ ਨਹੀਂ ਹੋਣ ਦਿੱਤਾ ਤੇ ਉਸ ਨੇ ਰੈਫਰੀ ਬਣਨ ਦਾ ਫ਼ੈਸਲਾ ਕੀਤਾ। 24 ਸਾਲ ਦੀ ਉਮਰ ਤੱਕ ਉਹ ਤੁਰਕੀ ਦੇ ਫੁਟਬਾਲ ਸਰਕਲ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਸੀ। ਸੁੰਦਰਤਾ ਅਤੇ ਫੁਟਬਾਲ ਦੀ ਸਮਝ ਕਾਰਨ ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਮਸ਼ਹੂਰ ਸੀ। ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਪਰ ਸਾਲ 2024 ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਪੂਰੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਐਲਿਫ਼ ਕਾਰਾਅਰਸਲਾਨ ਦਾ ਇੱਕ 61 ਸਾਲਾ ਅਧਿਕਾਰੀ ਓਰਹਾਨ ਇਰਦੇਮੀਰ ਨਾਲ ਇੱਕ ਵੀਡੀਓ ਵਾਇਰਲ ਹੋਇਆ। ਓਰਹਾਨ ਇੱਕ ਸਾਬਕਾ ਰੈਫਰੀ ਅਤੇ ਨਿਰੀਖਕ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਤੁਰਕੀ ਫੁਟਬਾਲ ਫੈਡਰੇਸ਼ਨ ਨੇ ਸਖ਼ਤ ਕਾਰਵਾਈ ਕੀਤੀ ਅਤੇ ਨੈਤਿਕਤਾ ਦੇ ਆਧਾਰ ’ਤੇ ਫੈਡਰੇਸ਼ਨ ਨੇ ਦੋਵਾਂ ਦਾ ਰੈਫਰੀ ਲਾਇਸੈਂਸ ਰੱਦ ਕਰ ਦਿੱਤਾ ਅਤੇ ਉਨ੍ਹਾਂ ’ਤੇ ਉਮਰ ਭਰ ਦੀ ਪਾਬੰਦੀ ਲਾ ਦਿੱਤੀ। ਐਲਿਫ਼ ਦੇ ਖੇਡ ਪ੍ਰੇਮੀਆਂ ਨੇ ਉਸ ਦੀ ਆਲੋਚਨਾ ਕੀਤੀ।
ਇਸ ਘਟਨਾ ਤੋਂ ਬਾਅਦ ਐਲਿਫ਼ ਨੇ ਚੁੱਪ ਰਹਿਣ ਦੀ ਬਜਾਏ ਲੜਨ ਦਾ ਫ਼ੈਸਲਾ ਕੀਤਾ। ਉਸ ਨੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ ਵੀਡੀਓ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਰਾਹੀਂ ਬਣਾਇਆ ਗਿਆ ਹੈ। ਉਸ ਦਾ ਕਹਿਣਾ ਸੀ ਕਿ ਇਹ ‘ਡੀਪਫੇਕ’ ਵੀਡੀਓ ਹੈ ਜਿਸ ਵਿੱਚ ਉਸ ਦੇ ਚਿਹਰੇ ਦੀ ਵਰਤੋਂ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਉਸ ਦੀ ਕੌਣ ਮੰਨੇ। ਫੇਰ ਉਸ ਨੇ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਅਤੇ ਉਸ ਨੇ ਕਿਹਾ ਕਿ ਉਹ ਆਪਣਾ ਸਨਮਾਨ ਬਹਾਲ ਕਰਵਾ ਕੇ ਰਹੇਗੀ। ਇਸ ਦਾਅਵੇ ਨੇ ਇਸ ਮਾਮਲੇ ਨੂੰ ਚਰਚਾ ਦੇ ਨਵੇਂ ਰਾਹ ਤੋਰ ਦਿੱਤਾ ਕਿ ਕਿਵੇਂ ਏ ਆਈ ਤਕਨੀਕ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਵਰਤੀ ਜਾ ਸਕਦੀ ਹੈ। ਆਮ ਤੌਰ ’ਤੇ ਅਜਿਹੇ ਵਿਵਾਦਾਂ ਤੋਂ ਬਾਅਦ ਪੀੜਤ ਲੋਕਾਂ ਦੀਆਂ ਨਜ਼ਰਾਂ ਤੋਂ ਬਚਦੇ ਹਨ, ਪਰ ਐਲਿਫ਼ ਨੇ ਇਸ ਨੂੰ ਮੌਕੇ ਵਜੋਂ ਵਰਤਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ ਫਾਲੋਇੰਗ, ਖਾਸ ਕਰ ਕੇ ਇੰਸਟਾਗ੍ਰਾਮ ’ਤੇ ਤੇਜ਼ੀ ਨਾਲ ਵਧੀ। ਉਸ ਨੇ ਇਸ ਪ੍ਰਸਿੱਧੀ ਨੂੰ ਕਮਾਈ ਵਿੱਚ ਬਦਲਣ ਲਈ ਇੰਸਟਾਗ੍ਰਾਮ ’ਤੇ ‘ਐਕਸਕਲੂਸਿਵ ਕੰਟੈਂਟ’ ਫੀਚਰ ਦੀ ਵਰਤੋਂ ਸ਼ੁਰੂ ਕੀਤੀ।
ਅੱਜ ਹਾਲਾਤ ਇਹ ਹਨ ਕਿ 22,000 ਤੋਂ ਵੱਧ ਲੋਕਾਂ ਨੇ ਉਸ ਦਾ ਮਾਸਿਕ ਸਬਸਕ੍ਰਿਪਸ਼ਨ ਲਿਆ ਹੋਇਆ ਹੈ। ਰਿਪੋਰਟਾਂ ਮੁਤਾਬਕ ਉਸ ਦੀ ਮਹੀਨਾਵਾਰ ਕਮਾਈ ਲਗਪਗ 70,000 ਡਾਲਰ (60 ਲੱਖ ਭਾਰਤੀ ਰੁਪਏ) ਤੋਂ ਵੱਧ ਹੋ ਗਈ ਹੈ। ਇਹ ਕਮਾਈ ਉਸ ਦੀ ਰੈਫਰੀ ਵਜੋਂ ਹੁੰਦੀ ਕਮਾਈ ਨਾਲੋਂ ਕਈ ਗੁਣਾ ਜ਼ਿਆਦਾ ਹੈ। ਐਲਿਫ਼ ਕਾਰਾਅਰਸਲਾਨ ਦਾ ਇਹ ਕੇਸ ‘ਅਟੈਨਸ਼ਨ ਇਕੌਨਮੀ’ ਭਾਵ ਧਿਆਨ ਕੇਂਦਰਿਤ ਕਰਨ ਵਾਲੀ ਅਰਥ ਵਿਵਸਥਾ ਦਾ ਇੱਕ ਵੱਡਾ ਉਦਾਹਰਣ ਹੈ। ਲੋਕ ਚਾਹੇ ਨਿੰਦਾ ਕਰਨ ਜਾਂ ਸਮਰਥਨ, ਪਰ ਉਹ ਪ੍ਰਭਾਵਿਤ ਵਿਅਕਤੀ ਦੀ ਪ੍ਰੋਫਾਈਲ ’ਤੇ ਜ਼ਰੂਰ ਜਾਂਦੇ ਹਨ। ਐਲਿਫ਼ ਨੇ ਇਸ ਪੱਖ ਨੂੰ ਆਪਣੇ ਫਾਇਦੇ ਲਈ ਵਰਤਿਆ। ਇਹ ਘਟਨਾ ਇਹ ਵੀ ਦਰਸਾਉਂਦੀ ਹੈ ਕਿ ਕਿਵੇਂ ਡਿਜੀਟਲ ਪਲੇਟਫਾਰਮਾਂ ’ਤੇ ਕਮਾਈ ਦੇ ਸਾਧਨ ਕਿਤੇ ਵੱਡੇ ਅਤੇ ਤੇਜ਼ ਹਨ। ਜੇਕਰ ਐਲਿਫ਼ ਦਾ ਦਾਅਵਾ ਸਹੀ ਹੈ ਕਿ ਵੀਡੀਓ ਏ ਆਈ ਜੈਨਰੇਟਡ ਸੀ ਤਾਂ ਇਹ ਸਾਡੇ ਭਵਿੱਖ ਲਈ ਇੱਕ ਬਹੁਤ ਹੀ ਡਰਾਉਣੀ ਚਿਤਾਵਨੀ ਹੈ, ਜੋ ਦਰਸਾਉਂਦੀ ਹੈ ਕਿ ਕਿਵੇਂ ਕਿਸੇ ਵੀ ਔਰਤ ਦੀ ਤਸਵੀਰ ਜਾਂ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ। ਪਰ ਦੂਜੇ ਪਾਸੇ, ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਬਚਣ ਦਾ ਇੱਕ ਬਹਾਨਾ ਵੀ ਹੋ ਸਕਦਾ ਹੈ। ਕਾਰਨ ਜੋ ਵੀ ਹੋਵੇ, ਇਸ ਘਟਨਾ ਨੇ ਦੁਨੀਆ ਭਰ ਵਿੱਚ ਏ ਆਈ ਦੀਆਂ ਨੈਤਿਕ ਸੀਮਾਵਾਂ ’ਤੇ ਬਹਿਸ ਛੇੜ ਦਿੱਤੀ ਹੈ।
ਐਲਿਫ਼ ਕਾਰਾਅਰਸਲਾਨ ਦੀ ਜ਼ਿੰਦਗੀ ਅੱਜ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਉਹ ਹੁਣ ਸਿਰਫ਼ ਇੱਕ ਰੈਫਰੀ ਨਹੀਂ, ਸਗੋਂ ਆਲਮੀ ਪੱਧਰ ’ਤੇ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਗਈ ਹੈ। ਜਿੱਥੇ ਇੱਕ ਪਾਸੇ ਫੁਟਬਾਲ ਦੇ ਮੈਦਾਨ ਦੇ ਦਰਵਾਜ਼ੇ ਬੰਦ ਹੋ ਗਏ, ਉਥੇ ਹੀ ਡਿਜੀਟਲ ਦੁਨੀਆ ਨੇ ਉਸ ਲਈ ਅਜਿਹੇ ਰਸਤੇ ਖੋਲ੍ਹ ਦਿੱਤੇ ਹਨ ਜਿਨ੍ਹਾਂ ਬਾਰੇ ਉਸ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ। ਇਹ ਘਟਨਾ ਸਿਰਫ਼ ਇੱਕ ਵਿਅਕਤੀ ਦੀ ਕਹਾਣੀ ਨਹੀਂ ਹੈ, ਸਗੋਂ ਸਾਡੇ ਬਦਲਦੇ ਹੋਏ ਸਮਾਜ, ਤਕਨੀਕ ਦੇ ਖ਼ਤਰਿਆਂ ਅਤੇ ਡਿਜੀਟਲ ਪਲੇਟਫਾਰਮਾਂ ਦੀ ਤਾਕਤ ਦਾ ਮਿਸ਼ਰਣ ਹੈ। ਇਹ ਸਹੀ ਹੈ ਜਾਂ ਗ਼ਲਤ, ਇਹ ਬਹਿਸ ਦਾ ਮੁੱਦਾ ਹੈ, ਪਰ ਸਚਾਈ ਇਹ ਹੈ ਕਿ ਐਲਿਫ਼ ਨੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਮੁੜ ਪਰਿਭਾਸ਼ਤ ਕੀਤਾ ਹੈ।
ਸੰਪਰਕ: writerhardeepsingh@gmail.com

