ਰੀਓ ਡੀ ਜਨੇਰੀਓ, 17 ਸਤੰਬਰ
ਓਲੰਪੀਅਨ ਇਲੈਵਨਿਲ ਵਲਾਰਿਵਾਨ ਨੇ ਅੱਜ ਇੱਥੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਵਿਸ਼ਵ ਕੱਪ ਰਾਈਫ਼ਲ/ਪਿਸਟਲ ਮੁਕਾਬਲੇ ਦੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਆਪਣਾ ਦੂਜਾ ਸੋਨ ਤਗ਼ਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਇਲੈਵਨਿਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਮਹਿਲਾ ਖਿਡਾਰੀਆਂ ਦਰਮਿਆਨ 24 ਸ਼ਾਟ ਦੇ ਫਾਈਨਲ ਵਿੱਚ ਕਦੇ ਵੀ 10.1 ਤੋਂ ਘੱਟ ਅੰਕ ਹਾਸਲ ਨਹੀਂ ਕੀਤੇ। ਇਲੈਵਨਿਲ ਨੇ 252.2 ਅੰਕ ਨਾਲ ਫਰਾਂਸ ਦੀ 20 ਸਾਲ ਦੀ ਸਨਸਨੀ ਓਸਿਏਨ ਮਿਊਲੇਰ ਨੂੰ ਹਰਾਇਆ, ਜੋ 251.9 ਅੰਕ ਨਾਲ ਦੂਜੇ ਸਥਾਨ ’ਤੇ ਰਹੀ। ਚੀਨ ਦੀ ਝਾਂਗ ਜਿਯਾਲੇ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ। ਇਲੈਵਨਿਲ ਨੇ 630.5 ਅੰਕ ਨਾਲ ਅੱਠਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਮਿਊਲੇਰ 633.7 ਅੰਕ ਨਾਲ ਕੁਆਲੀਫਿਕੇਸ਼ਨ ’ਚ ਸਿਖਰ ’ਤੇ ਰਹੀ ਸੀ। -ਪੀਟੀਆਈ