Elena Rybakina ਨੇ Iga Swiatek ਖ਼ਿਲਾਫ਼ Match ਵਿਚਾਲੇ ਛੱਡਿਆ
ਗਿੱਟੇ ਦੇ ਦਰਦ ਕਾਰਨ ਕੁਆਰਟਰ ਫਾਈਨਲ ਦੇ ਪਹਿਲੇ ਸੈੱਟ ਦੌਰਾਨ ਖੇਡਣਾ ਛੱਡਿਆ
ਐਲੀਨਾ ਰਿਬਾਕਿਨਾ ਨੇ ਸਿਨਸਿਨਾਟੀ ਓਪਨ ਟੈਨਿਸ ਵਿੱਚ ਈਗਾ ਸਵਿਆਤੇਕ ਵਿਰੁੱਧ ਆਪਣੇ ਕੁਆਰਟਰ ਫਾਈਨਲ ਮੈਚ ਦੇ ਪਹਿਲੇ ਸੈੱਟ ਦੌਰਾਨ ਖੇਡਣਾ ਛੱਡ ਦਿੱਤਾ। ਦੂਜੀ ਰੈਂਕ ਵਾਲੀ ਰਿਬਾਕਿਨਾ ਜਦੋਂ 1-4, 40-40 ’ਤੇ ਸਰਵ ਕਰ ਰਹੀ ਸੀ, ਤਾਂ ਉਸ ਨੇ ਆਪਣੇ ਖੱਬੇ ਗਿੱਟੇ ਦੇ ਹਿੱਸੇ ਦੇ ਇਲਾਜ ਲਈ ਟਰੇਨਰਾਂ ਤੋਂ ਮੈਡੀਕਲ ਟਾਈਮਆਊਟ ਲਿਆ ਅਤੇ ਕੁਝ ਹੀ ਪਲਾਂ ਬਾਅਦ ਮੈਚ ਤੋਂ ਹਟਣ (ਰਿਟਾਇਰ ਹੋਣ) ਦਾ ਫ਼ੈਸਲਾ ਐਲਾਨ ਦਿੱਤਾ।
ਰਿਬਾਕਿਨਾ ਨੇ ਕਿਹਾ, ‘‘ਜ਼ਾਹਿਰ ਹੈ ਕਿ ਮੈਂ ਬਹੁਤ ਵਧੀਆ ਮਹਿਸੂਸ ਨਹੀਂ ਕਰ ਰਹੀ। ਤੁਰਨਾ ਦਰਦਨਾਕ ਹੈ। ਕੱਲ੍ਹ ਐੱਮ ਆਰ ਆਈ ਕਰਵਾਉਣ ਤੋਂ ਬਾਅਦ ਸਾਨੂੰ ਹੋਰ ਜਾਣਕਾਰੀ ਮਿਲੇਗੀ। ਇਹ ਮੈਨੂੰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ, ਪਰ ਮੈਨੂੰ ਲੱਗਦਾ ਸੀ ਕਿ ਇਹ ਮੇਰੇ ਕੰਟਰੋਲ ਵਿੱਚ ਹੈ।’’ ਵੀਰਵਾਰ ਨੂੰ ਦੂਜੇ ਸੈੱਟ ਦੌਰਾਨ ਸੱਟ ਦੇ ਮੁੜ ਵਧਣ ਤੋਂ ਬਾਅਦ, ਉਸ ਨੇ ਕੋਰਟ ’ਤੇ ਵਾਪਸ ਆਉਣ ਤੋਂ ਪਹਿਲਾਂ ਟਰੇਨਰਾਂ ਨਾਲ ਕੁਝ ਮਿੰਟ ਗੱਲਬਾਤ ਕੀਤੀ। ਸਰਵ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਜਦੋਂ ਉਹ ਆਪਣੀ ਲੱਤ ’ਤੇ ਪੂਰਾ ਭਾਰ ਪਾਉਣ ਵਿੱਚ ਅਸਮਰੱਥ ਰਹੀ, ਤਾਂ ਉਸ ਨੇ ਖੇਡ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਰਿਬਾਕਿਨਾ ਨੇ ਕਿਹਾ, ‘‘ਵੀਰਵਾਰ ਦੇ ਮੈਚ ਤੋਂ ਪਹਿਲਾਂ ਇਹ ਠੀਕ ਮਹਿਸੂਸ ਹੋ ਰਿਹਾ ਸੀ। ਅਫ਼ਸੋਸ ਦੀ ਗੱਲ ਹੈ ਕਿ ਇੱਕ ਗ਼ਲਤ ਹਰਕਤ ਹੋਈ ਅਤੇ ਕੁਝ ਗੜਬੜ ਹੋ ਗਈ।’’

