ਮਿਸਰ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ, ਪਹਿਲੀ ਜਿੱਤ ਦਰਜ
ਕੇਪ ਵਰਡੇ ਤੇ ੳੁਰੂਗੁਏ ਵਿਚਾਲੇ ਮੈਚ ਡਰਾਅ ਰਿਹਾ; ਸਪੇਨ ਨੇ ਸਾੳੂਦੀ ਅਰਬ ਨੂੰ 4-0 ਨਾਲ ਮਾਤ ਦਿੱਤੀ
ਮਿਸਰ ਦੇ ਖਿਡਾਰੀ ਮੈਦਾਨ ’ਤੇ ਨੱਚ ਰਹੇ ਸਨ ਜਦੋਂ ਕਿ ਲਾਲ ਰੰਗ ਦੇ ਕੱਪੜਿਆਂ ਵਿੱਚ ਆਏ ਉਨ੍ਹਾਂ ਦੇ ਪ੍ਰਸ਼ੰਸਕ ਦਰਸ਼ਕਾਂ ਦੀ ਗੈਲਰੀ ਵਿੱਚ ਜਸ਼ਨ ਮਨਾ ਰਹੇ ਸਨ। ਆਖ਼ਰਕਾਰ ਮਿਸਰ ਦੀ ਟੀਮ ‘ਫੈਰੋਜ਼’ ਨੂੰ ਆਲਮੀ ਕੱਪ ਦੀ ਆਪਣੀ ਪਹਿਲੀ ਜਿੱਤ ਮਿਲ ਹੀ ਗਈ। ਮੁਹੰਮਦ ਸਾਲਾਹ ਨੇ ਲੀਡ ਦਿਵਾਉਣ ਵਾਲਾ ਗੋਲ ਕੀਤਾ ਅਤੇ ਮਿਸਰ ਨੇ ਐਤਵਾਰ ਰਾਤ ਨੂੰ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਦਿੱਤਾ। ਉਸ ਨੇ 67ਵੇਂ ਮਿੰਟ ਵਿੱਚ ਆਪਣੇ ਸਾਥੀ ਖਿਡਾਰੀਆਂ ਵੱਲੋਂ ਘੇਰੇ ਜਾਣ ਤੋਂ ਪਹਿਲਾਂ ਹਵਾ ਵਿੱਚ ਮੁੱਠੀ ਲਹਿਰਾ ਕੇ ਆਪਣੇ 68ਵੇਂ ਕੌਮਾਂਤਰੀ ਗੋਲ ਦਾ ਜਸ਼ਨ ਮਨਾਇਆ। ਉੱਧਰ, ਕੇਪ ਵਰਡੇ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਉਰੂਗੁਏ ਖਿਲਾਫ ਮੈਚ ਨੂੰ 2-2 ਦੀ ਬਰਾਬਰੀ ’ਤੇ ਖ਼ਤਮ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਕੇਪ ਵਰਡੇ ਦਾ ਆਪਣੇ ਪਹਿਲੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਸਫਰ ਅਜੇ ਖਤਮ ਨਹੀਂ ਹੋਇਆ ਹੈ। ਹੋ ਸਕਦਾ ਹੈ ਕਿ ਇਹ ਤਾਂ ਅਜੇ ਸਿਰਫ ਸ਼ੁਰੂਆਤ ਹੋਵੇ। ਉਹ ਮੈਚ ਵਿੱਚ ਪਿੱਛੇ ਚੱਲ ਰਹੇ ਸੀ, ਪਰ ਕੇਵਿਨ ਪੀਨਾ ਨੇ ਫ੍ਰੀ ਕਿੱਕ ’ਤੇ ਗੋਲ ਕਰ ਕੇ ਵਿਸ਼ਵ ਕੱਪ ਵਿੱਚ ਕੇਪ ਵਰਡੇ ਦਾ ਪਹਿਲਾ ਗੋਲ ਦਾਗਿਆ ਅਤੇ ਹੇਲੀਓ ਵਾਰੇਲਾ ਨੇ ਬਰਾਬਰੀ ਦਾ ਗੋਲ ਕੀਤਾ। ਇਸ ਦੇ ਨਾਲ ਹੀ ਇਹ ਟੀਮ 48 ਟੀਮਾਂ ਦੇ ਇਸ ਵੱਡੇ ਟੂਰਨਾਮੈਂਟ ਦੀ ਸਭ ਤੋਂ ਹੈਰਾਨੀਜਨਕ ਟੀਮ ਬਣ ਗਈ ਹੈ।
ਇਸੇ ਤਰ੍ਹਾਂ ਇਕ ਹੋਰ ਮੈਚ ਵਿੱਚ ਸਪੇਨ ਨੇ ਸਾਊਦੀ ਅਰਬ ਨੂੰ 4-0 ਨਾਲ ਹਰਾਇਆ। ਸਪੇਨ ਦੇ ਮੁੱਖ ਕੋਚ ਲੁਈਸ ਡੇ ਲਾ ਫੁਐਂਤੇ ਨੇ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਆਪਣੇ ਖਿਡਾਰੀਆਂ ਦਾ ਜ਼ੋਰਦਾਰ ਬਚਾਅ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਅਜਿਹੀ ਟੀਮ ’ਤੇ ਸਵਾਲ ਉਠਾਉਣਾ ਪਾਗਲਪਣ ਹੈ ਜੋ ਹੁਣ ਲਗਾਤਾਰ 33 ਮੈਚਾਂ ਤੋਂ ਅਜੇਤੂ ਰਹੀ ਹੈ। ਨੌਜਵਾਨ ਸਟਾਰ ਲੈਮਿਨ ਯਾਮਾਲ ਦੀ ਵਾਪਸੀ ਤੋਂ ਪ੍ਰੇਰਿਤ ਹੋ ਕੇ ਟੀਮ ਨੇ ਮੈਦਾਨ ’ਤੇ ਦਬਦਬੇ ਵਾਲਾ ਪ੍ਰਦਰਸ਼ਨ ਕੀਤਾ।
ਇਰਾਨ ਅਤੇ ਬੈਲਜੀਅਮ ਬਰਾਬਰ
ਇੰਗਲਵੁੱਡ (ਅਮਰੀਕਾ): ਇੱਥੇ ਐਤਵਾਰ ਨੂੰ ਲਾਸ ਏਂਜਲਸ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਗਰੁੱਪ ‘ਜੀ’ ਦੇ ਮੈਚ ਵਿੱਚ ਮਜ਼ਬੂਤ ਇਰਾਨੀ ਟੀਮ ਨੇ ਬੈਲਜੀਅਮ ਨੂੰ 0-0 ਦੀ ਬਰਾਬਰੀ ’ਤੇ ਰੋਕਿਆ। ਇਸ ’ਤੇ ਇਰਾਨ ਦੇ ਮੁੱਖ ਕੋਚ ਅਮੀਰ ਗ਼ਾਲੇਨੋਈ ਨੇ ਫੀਫਾ ਆਲਮੀ ਕੱਪ 2026 ਵਿੱਚ ਆਪਣੀ ਟੀਮ ਦੀ ਅਜਿਹੀ ਸ਼ੁਰੂਆਤ ਨੂੰ ਵੱਡੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ, ‘‘ਇਹ ਪਲ ਸਾਡੇ ਫੁੱਟਬਾਲ ਇਤਿਹਾਸ ਵਿੱਚ ਲਿਖਿਆ ਜਾਵੇਗਾ।’’ ਇਰਾਨ ਨੇ ਇਸ ਮੈਚ ਵਿੱਚ ਬੈਲਜੀਅਮ ਦੀ 10 ਖਿਡਾਰੀਆਂ ਵਾਲੀ ਟੀਮ ਨੂੰ ਬਰਾਬਰੀ ’ਤੇ ਰੋਕਣ ਲਈ ਸ਼ਾਨਦਾਰ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਈ ਵਾਰ ਜਵਾਬੀ ਹਮਲੇ ਕਰ ਕੇ ਬੈਲਜੀਅਮ ਨੂੰ ਮੁਸ਼ਕਿਲ ਵਿੱਚ ਪਾਇਆ ਅਤੇ ਮੈਚ ਦੇ ਆਖਰੀ ਮਿੰਟਾਂ ਵਿੱਚ ਜੇਤੂ ਗੋਲ ਕਰਨ ਦੇ ਬਿਲਕੁਲ ਨੇੜੇ ਪਹੁੰਚ ਗਏ ਸਨ। ਮੈਚ ਖ਼ਤਮ ਹੋਣ ’ਤੇ, ਕ੍ਰਾਂਤੀ ਤੋਂ ਪਹਿਲਾਂ ਵਾਲੇ ਝੰਡੇ ਦੀ ਟੀ-ਸ਼ਰਟ ਪਹਿਨੇ ਹੋਏ ਇੱਕ ਦਰਸ਼ਕ ਨੂੰ ਮੈਦਾਨ ਦੇ ਅੰਦਰ ਦੌੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ। -ਏਐੱਨਆਈ
