DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੋਕੋਵਿਚ ਦੀ ਗਰੈਂਡ ਸਲੈਮਾਂ ’ਚ 400ਵੀਂ ਜਿੱਤ

ਆਸਟਰੇਲੀਅਨ ਓਪਨ ਵਿੱਚ 102 ਜਿੱਤਾਂ ਨਾਲ ਫੈਡਰਰ ਦੀ ਬਰਾਬਰੀ ਕੀਤੀ; ਸਿਨਰ ਚੌਥੇ ਗੇਡ਼ ’ਚ ਪੁੱਜਿਆ

  • fb
  • twitter
  • whatsapp
  • whatsapp
featured-img featured-img
ਵਿਲੱਖਣ ਅੰਦਾਜ਼ ਵਿੱਚ ਖ਼ੁਸ਼ੀ ਮਨਾਉਂਦਾ ਹੋਇਆ ਨੋਵਾਕ ਜੋਕੋਵਿਚ। -ਫੋਟੋ: ਰਾਇਟਰਜ਼
Advertisement

ਨੋਵਾਕ ਜੋਕੋਵਿਚ ਗਰੈਂਡ ਸਲੈਮ ਸਿੰਗਲਜ਼ ਵਿੱਚ 400 ਜਿੱਤਾਂ ਦਰਜ ਕਰਨ ਵਾਲਾ ਪਹਿਲਾ ਟੈਨਿਸ ਖਿਡਾਰੀ ਬਣ ਗਿਆ ਹੈ। 24 ਵਾਰ ਦੇ ਗਰੈਂਡ ਸਲੈਮ ਜੇਤੂ ਜੋਕੋਵਿਚ ਨੇ ਅੱਜ ਰਾਤ ਆਸਟਰੇਲੀਅਨ ਓਪਨ ਦੇ ਤੀਜੇ ਗੇੜ ਵਿੱਚ ਬੋਟਿਕ ਵੈਨ ਡੇ ਜ਼ੈਂਡਸਕੁਲਪ ਨੂੰ 6-3, 6-4, 7-6 (4) ਨਾਲ ਹਰਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਇਸ ਦੇ ਨਾਲ ਹੀ ਉਸ ਨੇ ਰੋਜਰ ਫੈਡਰਰ ਦੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ 102 ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ।

ਮੈਚ ਦੌਰਾਨ ਤੀਜੇ ਸੈੱਟ ਵਿੱਚ ਉਹ ਕੋਰਟ ’ਤੇ ਡਿੱਗ ਪਿਆ ਸੀ, ਜਿਸ ਕਾਰਨ ਉਸ ਦੇ ਸੱਜੇ ਪੈਰ ’ਤੇ ਪੱਟੀ ਕਰਨੀ ਪਈ। ਹਾਲਾਂਕਿ, ਉਸ ਨੇ ਹਿੰਮਤ ਨਹੀਂ ਹਾਰੀ ਅਤੇ ਟਾਈ-ਬ੍ਰੇਕਰ ਜਿੱਤ ਕੇ ਮੈਚ ਆਪਣੇ ਨਾਮ ਕੀਤਾ। ਮੈਚ ਮਗਰੋਂ ਉਸ ਨੇ ਕਿਹਾ ਕਿ ਪਿਛਲੇ ਸਾਲ ਦੀਆਂ ਗਲਤੀਆਂ ਤੋਂ ਸਿੱਖਦਿਆਂ ਉਹ ਇਸ ਵਾਰ ਜ਼ਿਆਦਾ ਉਤਸ਼ਾਹਿਤ ਨਹੀਂ ਹੋ ਰਿਹਾ ਅਤੇ ਹਰ ਮੈਚ ’ਤੇ ਧਿਆਨ ਦੇ ਰਿਹਾ ਹੈ।

Advertisement

ਇਸੇ ਦੌਰਾਨ ਪਿਛਲੇ ਦੋ ਵਾਰ ਦੇ ਚੈਂਪੀਅਨ ਜਾਨਿਕ ਸਿਨਰ ਨੇ ਵੀ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਅਤਿ ਦੀ ਗਰਮੀ ਅਤੇ ਸਰੀਰਕ ਸਮੱਸਿਆਵਾਂ ਦੇ ਬਾਵਜੂਦ ਏਲੀਅਟ ਸਪਿਜ਼ੀਰੀ ਨੂੰ ਹਰਾ ਕੇ ਚੌਥੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਤੀਜੇ ਸੈੱਟ ਵਿੱਚ ਸਿਨਰ 1-3 ਨਾਲ ਪੱਛੜ ਰਿਹਾ ਸੀ ਅਤੇ ਗਰਮੀ ਨਾਲ ਜੂਝ ਰਿਹਾ ਸੀ। ਇਸ ਦੌਰਾਨ ਗਰਮੀ ਸਬੰਧੀ ਨਿਯਮਾਂ ਕਾਰਨ ਸਟੇਡੀਅਮ ਦੀ ਛੱਤ ਬੰਦ ਕੀਤੀ ਗਈ, ਜਿਸ ਨਾਲ ਸਿਨਰ ਨੂੰ ਰਾਹਤ ਮਿਲੀ। ਬਰੇਕ ਤੋਂ ਬਾਅਦ ਉਸ ਨੇ ਨਵੀਂ ਊਰਜਾ ਨਾਲ ਵਾਪਸੀ ਕਰਦਿਆਂ ਅਗਲੇ ਛੇ ’ਚੋਂ ਪੰਜ ਗੇਮ ਜਿੱਤ ਲਏ। ਅੰਤ ਉਸ ਨੇ ਸਪਿਜ਼ੀਰੀ ਨੂੰ 4-6, 6-3, 6-4, 6-4 ਨਾਲ ਮਾਤ ਦਿੱਤੀ। ਮੈਚ ਮਗਰੋਂ ਸਿਨਰ ਨੇ ਮੰਨਿਆ ਕਿ ਅੱਜ ਸਰੀਰਕ ਤੌਰ ’ਤੇ ਉਸ ਨੂੰ ਕਾਫੀ ਪਰੇਸ਼ਾਨੀ ਹੋਈ। ਹੁਣ ਉਸ ਦਾ ਅਗਲਾ ਮੁਕਾਬਲਾ ਹਮਵਤਨ ਇਤਾਲਵੀ ਖਿਡਾਰੀ ਲੁਸੀਆਨੋ ਡਾਰਡੇਰੀ ਨਾਲ ਹੋਵੇਗਾ। ਮਹਿਲਾ ਵਰਗ ਵਿੱਚ ਮੌਜੂਦਾ ਚੈਂਪੀਅਨ ਮੈਡੀਸਨ ਕੀਜ਼ ਅਤੇ ਉਸ ਦੀ ਹਮਵਤਨ ਅਮਰੀਕੀ ਖਿਡਾਰਨ ਜੈਸਿਕਾ ਪੈਗੁਲਾ ਨੇ ਆਸਾਨ ਜਿੱਤਾਂ ਦਰਜ ਕੀਤੀਆਂ ਹਨ।

Advertisement

ਭਾਂਬਰੀ ਤੇ ਗੋਰਾਂਸਨ ਦੀ ਜੋੜੀ ਦੀ ਜੇਤੂ ਮੁਹਿੰਮ ਜਾਰੀ

ਮੈਲਬਰਨ: ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਨੇ ਆਸਟਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਵਰਗ ਵਿੱਚ ਜੇਤੂ ਮੁਹਿੰਮ ਜਾਰੀ ਰੱਖਦਿਆਂ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਭਾਂਬਰੀ ਅਤੇ ਉਸ ਦੇ ਸਵੀਡਿਸ਼ ਸਾਥੀ ਆਂਦਰੇ ਗੋਰਾਂਸਨ ਨੇ ਸਾਂਤਿਆਗੋ ਗੋਂਜ਼ਾਲੇਜ਼ ਅਤੇ ਡੇਵਿਡ ਪੇਲ ਦੀ ਜੋੜੀ ਨੂੰ ਸਖਤ ਮੁਕਾਬਲੇ ਵਿੱਚ 4-6, 7-6 (5), 6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਦੇ ਇੱਕ ਹੋਰ ਖਿਡਾਰੀ ਐੱਨ ਸ੍ਰੀਰਾਮ ਬਾਲਾਜੀ ਅਤੇ ਉਸ ਦੇ ਜੋੜੀਦਾਰ ਨੀਲ ਓਬਰਲਿਟਨਰ ਨੂੰ ਚੌਥਾ ਦਰਜਾ ਪ੍ਰਾਪਤ ਮਾਰਸੈਲੋ ਅਰੇਵਾਲੋ ਅਤੇ ਮੇਟ ਪਾਵਿਕ ਹੱਥੋਂ ਸਿੱਧੇ ਸੈੱਟਾਂ ਵਿੱਚ ਹਾਰ ਝੱਲਣੀ ਪਈ। ਬਾਲਾਜੀ ਦੀ ਜੋੜੀ 5-7, 1-6 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। -ਪੀਟੀਆਈ

Advertisement
×