ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਲੁੰਗੀ ਐੱਨਗਿਡੀ ਨੂੰ ਅੱਜ ਇੱਥੇ ਪੰਜਾਬ ਕਿੰਗਜ਼ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਮੈਦਾਨ ’ਤੇ ਸਿਰ ਬੁਰੀ ਤਰ੍ਹਾਂ ਵੱਜਣ ਤੋਂ ਬਾਅਦ ਐਂਬੂਲੈਂਸ ਰਾਹੀਂ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਦੱਖਣੀ ਅਫਰੀਕੀ ਖਿਡਾਰੀ ਨੂੰ ਅਗਲੇਰੀ ਡਾਕਟਰੀ ਜਾਂਚ ਲਈ ਇੱਥੋਂ ਦੇ ਪੂਸਾ ਰੋਡ ’ਤੇ ਸਥਿਤ ਮੈਕਸ ਹਸਪਤਾਲ ਲਿਜਾਇਆ ਗਿਆ ਹੈ। ਐੱਨਗਿਡੀ ਦੂਜੇ ਓਵਰ ਦੀ ਤੀਜੀ ਗੇਂਦ ’ਤੇ ਅਕਸ਼ਰ ਪਟੇਲ ਦੀ ਗੇਂਦ ’ਤੇ ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ ਦੇ ਇੱਕ ਮਿਸ-ਹਿੱਟ ਸ਼ਾਟ ਦਾ ਕੈਚ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਗੇਂਦ ਦੀ ਦਿਸ਼ਾ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਿਆ। ਜਦੋਂ ਉਹ ਹਵਾ ਵਿੱਚ ਸੀ, ਗੇਂਦ ਉਸ ਦੇ ਫੈਲੇ ਹੋਏ ਸੱਜੇ ਹੱਥ ਦੇ ਕੋਲੋਂ ਲੰਘ ਗਈ। ਇਸ ਦੇ ਨਤੀਜੇ ਵਜੋਂ, ਇਹ ਖਿਡਾਰੀ ਆਪਣੀ ਪਿੱਠ ਦੇ ਭਾਰ ਡਿੱਗਿਆ ਅਤੇ ਉਸ ਦੇ ਸਿਰ ਦਾ ਪਿਛਲਾ ਹਿੱਸਾ ਸਟੇਡੀਅਮ ਦੀ ਸਤਹਿ ਨਾਲ ਵੱਜਿਆ।
ਡਿੱਗਣ ਤੋਂ ਬਾਅਦ ਸੰਭਲਣ ਦੀ ਕੋਸ਼ਿਸ਼ ਵਿੱਚ ਐੱਨਗਿਡੀ ਨੇ ਤੁਰੰਤ ਆਪਣਾ ਸਿਰ ਢੱਕ ਲਿਆ ਅਤੇ ਮੈਦਾਨ ’ਤੇ ਮੌਜੂਦ ਮੈਡੀਕਲ ਸਟਾਫ ਸਟ੍ਰੈਚਰ ਲੈ ਕੇ ਐੱਨਗਿਡੀ ਵੱਲ ਭੱਜਿਆ। ਹੋਰ ਦੱਖਣੀ ਅਫਰੀਕੀ ਖਿਡਾਰੀ ਟ੍ਰਿਸਟਨ ਸਟੱਬਸ ਅਤੇ ਡੇਵਿਡ ਮਿਲਰ ਦੇ ਨਾਲ ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਅਤੇ ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਹੇਮੰਗ ਬਦਾਨੀ ਉਸ ਦਾ ਹਾਲ-ਚਾਲ ਜਾਣਨ ਲਈ ਆਏ। ਉਸ ਨੂੰ ਸਟ੍ਰੈਚਰ ਰਾਹੀਂ ਉਡੀਕ ਕਰ ਰਹੀ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਲਿਜਾਣਾ ਪਿਆ। ਸਪਿਨਰ ਵਿਪਰਾਜ ਨਿਗਮ, ਐੱਨਗਿਡੀ ਦੀ ਜਗ੍ਹਾ ਮੈਦਾਨ ਵਿੱਚ ਉਤਰਿਆ ਹੈ।

