IPL 2026: ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 40 ਦੌੜਾਂ ਨਾਲ ਹਰਾਇਆ
Delhi Capitals beat Kolkata Knight Riders: ਕੇ ਐਲ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਜਿੱਤੀ ਦਿੱਲੀ ਦੀ ਟੀਮ
ਦਿੱਲੀ ਕੈਪੀਟਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਪਣੇ ਆਖਰੀ ਲੀਗ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 40 ਦੌੜਾਂ ਨਾਲ ਹਰਾ ਦਿੱਤਾ ਹੈ। ਕੋਲਕਾਤਾ ਵਿਚ ਖੇਡੇ ਗਏ ਇਸ ਮੁਕਾਬਲੇ ਵਿੱਚ ਦਿੱਲੀ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 203 ਦੌੜਾਂ ਬਣਾਈਆਂ ਜਦਕਿ ਕੋਲਕਾਤਾ ਦੀ ਟੀਮ 18.4 ਓਵਰਾਂ ਵਿਚ 163 ਦੌੜਾਂ ’ਤੇ ਆਲ ਆਊਟ ਹੋ ਗਈ।
ਇਸ ਮੈਚ ਵਿੱਚ ਦਿੱਲੀ ਦੀ ਟੀਮ ਵੱਲੋਂ ਸਭ ਤੋਂ ਸ਼ਾਨਦਾਰ ਬੱਲੇਬਾਜ਼ੀ ਕੇ.ਐੱਲ. ਰਾਹੁਲ ਨੇ ਕੀਤੀ ਜਿਸ ਨੇ ਤੂਫ਼ਾਨੀ ਪਾਰੀ ਖੇਡਦਿਆਂ ਸਭ ਤੋਂ ਵੱਧ 60 ਦੌੜਾਂ ਬਣਾਈਆਂ। ਉਸ ਨੇ ਮਹਿਜ਼ 30 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੀ ਪਾਰੀ ਵਿੱਚ 5 ਚੌਕੇ ਅਤੇ 4 ਛੱਕੇ ਜੜੇ।
ਕੇ.ਐੱਲ. ਰਾਹੁਲ ਤੋਂ ਇਲਾਵਾ ਟੀਮ ਦੇ ਕਪਤਾਨ ਅਕਸ਼ਰ ਪਟੇਲ ਨੇ ਕਪਤਾਨੀ ਪਾਰੀ ਖੇਡਦੇ ਹੋਏ 39 ਦੌੜਾਂ ਦਾ ਯੋਗਦਾਨ ਪਾਇਆ। ਮੱਧ ਕ੍ਰਮ ਵਿੱਚ ਡੇਵਿਡ ਮਿਲਰ ਨੇ 28 ਦੌੜਾਂ ਬਣਾਈਆਂ ਅਤੇ ਆਖਰੀ ਓਵਰਾਂ ਵਿੱਚ ਆਸ਼ੂਤੋਸ਼ ਸ਼ਰਮਾ ਨੇ ਨਾਬਾਦ 18 ਦੌੜਾਂ ਦੀ ਤੇਜ਼ ਪਾਰੀ ਖੇਡੀ। ਇਨ੍ਹਾਂ ਸਾਰੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਕੈਪੀਟਲਜ਼ ਦੀ ਟੀਮ ਨਿਰਧਾਰਤ ਓਵਰਾਂ ਵਿੱਚ 200 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਵਿੱਚ ਸਫ਼ਲ ਰਹੀ ਅਤੇ ਕੋਲਕਾਤਾ ਨੂੰ ਮੈਚ ਜਿੱਤਣ ਲਈ ਇੱਕ ਵੱਡਾ ਟੀਚਾ ਦਿੱਤਾ।
ਇਸ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਦਿੱਲੀ ਦੀ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੀ ਅਤੇ 40 ਦੌੜਾਂ ਨਾਲ ਹਾਰ ਗਈ। ਹਾਲਾਂਕਿ ਇਸ ਮੈਚ ਦੇ ਨਤੀਜੇ ਨਾਲ ਪਲੇਅਆਫ ਦੀਆਂ ਉਮੀਦਾਂ ’ਤੇ ਕੋਈ ਖਾਸ ਅਸਰ ਨਹੀਂ ਪੈਣਾ ਸੀ ਪਰ ਦਿੱਲੀ ਨੇ ਇਸ ਜਿੱਤ ਨਾਲ ਮੈਚ ਨੂੰ ਯਾਦਗਾਰ ਬਣਾ ਦਿੱਤਾ।

