ਕੌਮਾਂਤਰੀ ਮੁੱਕੇਬਾਜ਼ Jagdev Singh Grewal ਦੀ Death
ਕਾਇਦੇ-ਆਜ਼ਮ ਮੁਕਾਬਲੇ ’ਚ ਜਿੱਤਿਆ ਸੀ ਸੋਨ ਤਗ਼ਮਾ; ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੱਕੇਬਾਜ਼ੀ ਖੇਤਰ ਵਿੱਚ ਜੱਗਾ ਬਾਕਸਰ ਵਜੋਂ ਮਸ਼ਹੂਰ ਸੁਨਾਮ ਦੇ ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ (70) ਦਾ ਅੱਜ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਸ ਨੇ ਪਾਕਿਸਤਾਨ ਵਿੱਚ ਹੋਏ ਕਾਇਦੇ-ਆਜ਼ਮ ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲੇ ਵਿੱਚ ਸਥਾਨਕ ਮੁੱਕੇਬਾਜ਼ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ ਭਾਰਤੀ ਰੇਲਵੇ ਵਿੱਚ ਸੀ ਟੀ ਸੀ ਵਜੋਂ ਸੇਵਾ ਨਿਭਾਉਂਦਿਆਂ ਆਲ ਇੰਡੀਆ ਰੇਲਵੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਨਾਮਣਾ ਖੱਟਿਆ।
ਖੇਡ ਕਰੀਅਰ ਮਗਰੋਂ ਵੀ ਉਹ ਇਸ ਖੇਤਰ ਨਾਲ ਜੁੜਿਆ ਰਿਹਾ ਅਤੇ ਨੌਜਵਾਨਾਂ ਨੂੰ ਮੁੱਕੇਬਾਜ਼ੀ ਦੀ ਸਿਖਲਾਈ ਦਿੱਤੀ। ਉਸ ਦੇ ਮਾਰਗਦਰਸ਼ਨ ਹੇਠ ਕਈ ਨੌਜਵਾਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ।
ਉਸ ਦੀ ਮੌਤ ’ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਅਕਾਲੀ ਆਗੂ ਵਿਨਰਜੀਤ ਸਿੰਘ ਖਡਿਆਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ, ਸਰਪੰਚ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਯਾਦਵਿੰਦਰ ਸਿੰਘ ਨਿਰਮਾਣ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

