ਕ੍ਰਿਕਟ: ਭਾਰਤੀ ਸੀਨੀਅਰ ਟੀਮ ਤੇ ਭਾਰਤ-ਏ ਵਿਚਾਲੇ ਅਭਿਆਸ ਮੈਚ ਅੱਜ ਤੋਂ
ਬੈਕੈਨਹਮ (ਇੰਗਲੈਂਡ), 12 ਜੂਨ
ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਭਾਰਤੀ ਸੀਨੀਅਰ ਟੀਮ ਅਤੇ ਭਾਰਤ-ਏ ਵਿਚਾਲੇ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਚਾਰ ਦਿਨਾ ਅਭਿਆਸ ਮੈਚ ’ਚ ਟੀਮ ਮੈਨਜਮੈਂਟ ਸਹੀ ਤਾਲਮੇਲ ਬਣਾਉਣ ’ਤੇ ਧਿਆਨ ਕੇਂਦਰਤ ਕਰੇਗਾ।
ਮੈਚ ਦੌਰਾਨ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ’ਤੇ ਨਜ਼ਰ ਰਹੇਗੀ ਅਤੇ ਭਾਰਤੀ ਟੈਸਟ ਟੀਮ ਟੀਮ ਦੇ ਆਖਰੀ ਗਿਆਰਾਂ ’ਚ ਜਗ੍ਹਾ ਬਣਾਉਣ ਲਈ ਇਨ੍ਹਾਂ ਦੋਵਾਂ ਵਿਚਾਲੇ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ 20 ਜੂਨ ਤੋਂ ਹੈਡਿੰਗਲੇ ’ਚ ਖੇਡਿਆ ਜਾਣਾ ਹੈ ਜਿਸ ਤੋਂ ਪਹਿਲਾਂ ਸੀਨੀਅਰ ਟੀਮ ਦਾ ਇਹ ਇਕਲੌਤਾ ਅਭਿਆਸ ਮੈਚ ਹੋਵੇਗਾ।
ਮੁੱਖ ਕੋਚ ਗੌਤਮ ਗੰਭੀਰ ਦੀ ਅਗਵਾਈ ’ਚ ਭਾਰਤੀ ਟੀਮ ਨੇ ਇਹ ਮੈਚ ਖਾਲੀ ਸਟੇਡੀਅਮ ’ਚ ਖੇਡਣ ਦਾ ਬਦਲ ਚੁਣਿਆ ਹੈ ਤਾਂ ਕਿ ਵਿਰੋਧੀ ਟੀਮ ਨੂੰ ਉਨ੍ਹਾਂ ਦੀ ਰਣਨੀਤੀ ਦਾ ਪਤਾ ਨਾ ਲੱਗ ਸਕੇ। ਭਾਰਤੀ ਟੀਮ ਨੇ ਆਸਟਰੇਲੀਆ ਦੌਰੇ ’ਤੇ ਵੀ ਅਜਿਹਾ ਹੀ ਕੀਤਾ ਸੀ। ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੌਰਕਲ ਨੇ ਲੰਘੇ ਦਿਨ ਕਿਹਾ ਸੀ ਕਿ ਇਹ ਮੈਚ ਭਾਰਤ ਦੀ ਤਿਆਰੀ ਦੇ ਲਿਹਾਜ਼ ਤੋਂ ਬਹੁਤ ਅਹਿਮ ਹੈ ਕਿਉਂਕਿ ਆਮ ਅਭਿਆਸ ਸੈਸ਼ਨਾਂ ’ਚ ਇੱਕੋ ਦਿਨ 90 ਓਵਰ ਗੇਂਦਬਾਜ਼ੀ ਤੇ ਫੀਲਡਿੰਗ ਦੀ ਸਮਰੱਥਾ ਵਿਕਸਿਤ ਕਰਨਾ ਮੁਸ਼ਕਲ ਹੁੰਦਾ ਹੈ। -ਪੀਟੀਆਈ