DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Cricket: India ਏਸ਼ਿਆਈ ਖੇਡਾਂ ਦੇ Final ’ਚ

ਕਿਸ਼ਨ ਨੇ 46 ਗੇਂਦਾਂ ’ਚ ਨਾਬਾਦ 80 ਦੌੜਾਂ ਬਣਾਈਆਂ; ਪਾਕਿਸਤਾਨ ਨਾਲ ਹੋਵੇਗਾ ਖ਼ਿਤਾਬੀ ਮੁਕਾਬਲਾ

  • fb
  • twitter
  • whatsapp
  • whatsapp
featured-img featured-img
ਨਿਸ਼ਿਨ ਵਿੱਚ ਏਸ਼ਿਆਈ ਖੇਡਾਂ ਦੇ ਟੀ20 ਕ੍ਰਿਕਟ ਦੇ ਸੈਮੀ ਫਾਈਨਲ ਮੈਚ ’ਚ ਸ੍ਰੀਲੰਕਾ ਖ਼ਿਲਾਫ਼ ਸ਼ਾਟ ਮਾਰਦਾ ਹੋਇਆ ਭਾਰਤੀ ਬੱਲੇਬਾਜ਼ ਇਸ਼ਾਨ ਕਿਸ਼ਨ। -ਫੋਟੋ: ਪੀਟੀਆਈ
Advertisement

ਮੁਸ਼ਕਲ ਪਿੱਚ ’ਤੇ ਇਸ਼ਾਨ ਕਿਸ਼ਨ ਵੱਲੋਂ ਸਮਝਦਾਰੀ ਨਾਲ ਖੇਡੀਆਂ ਗਈਆਂ 46 ਗੇਂਦਾਂ ਵਿੱਚ 80 ਦੌੜਾਂ ਦੀ ਪਾਰੀ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਏਸ਼ਿਆਈ ਖੇਡਾਂ ਦੇ ਪੁਰਸ਼ ਕ੍ਰਿਕਟ ਸੈਮੀ ਫਾਈਨਲ ਵਿੱਚ ਸ੍ਰੀਲੰਕਾ ਨੂੰ 124 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਹ ਮੈਚ ਜਿੱਤ ਕੇ ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਸੋਨ ਤਗ਼ਮੇ ਦੇ ਮੁਕਾਬਲੇ ਲਈ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਸ੍ਰੀਲੰਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫ਼ੈਸਲੇ ਤੋਂ ਬਾਅਦ, ਕਿਸ਼ਨ ਅਤੇ ਵੈਭਵ ਸੂਰਿਆਵੰਸ਼ੀ (21 ਗੇਂਦਾਂ ਵਿੱਚ 38 ਦੌੜਾਂ) ਦੀ ਜੋੜੀ ਨੇ ਮੁੜਦੀ ਹੋਈ ਪਿੱਚ ’ਤੇ ਭਾਰਤ ਨੂੰ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 169 ਦੌੜਾਂ ਤੱਕ ਪਹੁੰਚਾਇਆ। 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਸ੍ਰੀਲੰਕਾ ਦੀ ਪੂਰੀ ਟੀਮ ਪਾਵਰਪਲੇਅ ਦੇ ਅੰਦਰ ਹੀ 31 ਦੌੜਾਂ ’ਤੇ 6 ਵਿਕਟਾਂ ਗੁਆ ਕੇ ਸੰਕਟ ਵਿੱਚ ਘਿਰ ਗਈ ਅਤੇ ਆਖ਼ਰ ਮਹਿਜ਼ 45 ਦੌੜਾਂ ’ਤੇ ਆਲ ਆਊਟ ਹੋ ਗਈ। ਟੈਸਟ ਖੇਡਣ ਵਾਲੇ ਦੇਸ਼ ਵਜੋਂ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਇਹ ਸਭ ਤੋਂ ਘੱਟ ਸਕੋਰਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਵੀ 2019 ਵਿੱਚ ਇੰਗਲੈਂਡ ਵਿਰੁੱਧ ਇਸੇ ਸਕੋਰ ’ਤੇ ਆਊਟ ਹੋਇਆ ਸੀ। ਜਸਪ੍ਰੀਤ ਬੁਮਰਾਹ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਦੋ ਵਿਕਟਾਂ ਲਈਆਂ, ਜਿਸ ਮਗਰੋਂ ਅਕਸ਼ਰ ਪਟੇਲ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਸ੍ਰੀਲੰਕਾ ਦੀ ਪਾਰੀ ਦੇ ਪਤਨ ਵਿੱਚ ਦੋ ਰਨਆਊਟ ਵੀ ਸ਼ਾਮਲ ਹਨ, ਜੋ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਉਹ ਪਿੱਚ ਅਤੇ ਸ਼ੁਰੂਆਤੀ ਵਿਕਟਾਂ ਡਿੱਗਣ ਕਾਰਨ ਘਬਰਾ ਗਏ ਸਨ। ਪਿੱਚ ਤੋਂ ਗੇਂਦ ਅਜੀਬ ਤਰੀਕੇ ਨਾਲ ਉੱਛਲ ਰਹੀ ਸੀ, ਜਿਸ ਨਾਲ ਬੱਲੇਬਾਜ਼ਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਰਿਹਾ ਸੀ। ਆਖ਼ਰਕਾਰ, ਭਾਰਤ ਨੇ ਉਨ੍ਹਾਂ ਨੂੰ ਆਊਟ ਕਰਨ ਲਈ ਸਿਰਫ਼ 9.5 ਓਵਰ ਲਏ। ਸ੍ਰੀਲੰਕਾ ਦੀ ਟੀਮ ਹੁਣ ਕਾਂਸੀ ਦੇ ਤਗ਼ਮੇ ਲਈ ਬੰਗਲਾਦੇਸ਼ ਵਿਰੁੱਧ ਪਲੇਅ-ਆਫ ਮੈਚ ਖੇਡੇਗੀ, ਜਿਸ ਨੂੰ ਪਹਿਲਾਂ ਪਾਕਿਸਤਾਨ ਨੇ ਹਰਾਇਆ ਸੀ। ਕਾਂਸੀ ਦੇ ਤਗ਼ਮੇ ਦਾ ਮੁਕਾਬਲਾ ਅਤੇ ਫਾਈਨਲ ਦੋਵੇਂ ਸ਼ਨਿਚਰਵਾਰ ਨੂੰ ਇੱਥੇ ਹੀ ਖੇਡੇ ਜਾਣਗੇ।

Advertisement

ਭਾਰਤ ਸਾਹਮਣੇ ਪਾਕਿਸਤਾਨ ਨਾਲ ਹੱਥ ਮਿਲਾਉਣ ਦਾ ਸਵਾਲ ਖੜ੍ਹਾ ਹੋਇਆ

Advertisement

ਨਿਸ਼ਿਨ: ਇੱਥੇ ਏਸ਼ਿਆਈ ਖੇਡਾਂ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਪੁਰਸ਼ਾਂ ਦੇ ਫਾਈਨਲ ਕ੍ਰਿਕਟ ਮੈਚ ਵਿੱਚ ਜਦੋਂ ਭਾਰਤ ਦਾ ਮੁਕਾਬਲਾ ਉਸ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ, ਤਾਂ ਟੀਮ ਨੂੰ ਇੱਕ ਵਾਰ ਫਿਰ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਦੇ ਸਵਾਲ ਦਾ ਸਾਹਮਣਾ ਕਰਨਾ ਪਵੇਗਾ; ਹਾਲਾਂਕਿ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਹੈ ਕਿ ਕੀ ਦੋਵਾਂ ਟੀਮਾਂ ਦੇ ਖਿਡਾਰੀ ਉਸ ਤਰ੍ਹਾਂ ਦੀਆਂ ਸ਼ੁਭਕਾਮਨਾਵਾਂ ਜਾਂ ਸਦਭਾਵਨਾਵਾਂ ਦਾ ਲੈਣ-ਦੇਣ ਕਰਨਗੇ, ਜਿਵੇਂ ਖੇਡਾਂ ਦੇ ਦੂਜੇ ਐਥਲੀਟਾਂ ਨੇ ਹੁਣ ਤੱਕ ਕੀਤਾ ਹੈ। ਇਸ ਮੈਚ ਦੀ ਤਿਆਰੀ ਦੌਰਾਨ ਇੱਕ ਵਾਰ ਫਿਰ ਤੋਂ ਇਸ ਗੱਲ ’ਤੇ ਲੰਮੀ ਚਰਚਾ ਹੋਵੇਗੀ ਕਿ ਕੀ ਦੋਵੇਂ ਟੀਮਾਂ ਮੈਚ ਤੋਂ ਬਾਅਦ ਹੱਥ ਮਿਲਾਉਣਗੀਆਂ ਜਾਂ ਨਹੀਂ। -ਪੀਟੀਆਈ

Advertisement
×