ਹਾਂਗਜ਼ੂ, 24 ਸਤੰਬਰ
ਭਾਰਤ ਨੇ ਕਿਸ਼ਤੀ ਚਾਲਨ ਵਿੱਚ ਅੱਜ ਸ਼ਾਨਦਾਰ ਸ਼ੁਰੂਆਤ ਕਰਦਿਆਂ ਦੋ ਚਾਂਦੀ ਤੇ ਇਕ ਕਾਂਸੇ ਦਾ ਤਗ਼ਮਾ ਜਿੱਤਿਆ। ਅਰਜੁਨ ਲਾਲ ਜਾਟ ਤੇ ਅਰਵਿੰਦ ਸਿੰਘ ਨੇ ਪੁਰਸ਼ ਲਾਈਟਵੇਟ ਡਬਲ ਸਕੱਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਭਾਰਤੀ ਜੋੜੀ 6:28.18 ਸਕਿੰਟ ਦਾ ਸਮਾਂ ਕੱਢ ਕੇ ਦੂਜੇ ਸਥਾਨ ’ਤੇ ਰਹੀ। ਚੀਨ ਦੇ ਜੁੰਜੀ ਫਾਨ ਤੇ ਮਾਨ ਸੁਨ ਨੇ 6:23.16 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ।

ਉਜ਼ਬੇਕਿਸਤਾਨ ਦੇ ਸ਼ਖਜੋਦ ਨੁਰਮਾਤੋਵ ਤੇ ਸੋਬਿਰਜੋਨ ਸਫਰੋਲਿਯੇਵ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ। ਪੁਰਸ਼ਾਂ ਦੇ ਕਾਕਸ ਏਟ ਮੁਕਾਬਲੇ ਵਿੱਚ ਭਾਰਤ ਤੇ ਚੀਨ ਵਿੱਚ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। ਭਾਰਤੀ ਟੀਮ 5:43.01 ਸਕਿੰਟ ਦਾ ਸਮਾਂ ਕੱਢ ਕੇ ਦੂਜੇ ਸਥਾਨ ’ਤੇ ਰਹੀ। ਚੀਨ ਨੇ 2.84 ਸਕਿੰਟ ਨਾਲ ਬਾਜ਼ੀ ਮਾਰ ਕੇ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਵਿੱਚ ਨੀਰਜ, ਨਰੇਸ਼ ਕਲਵਾਨੀਆ, ਨਿਤੀਸ਼ ਕੁਮਾਰ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਭੀਮ ਸਿੰਘ, ਪੁਨੀਤ ਕੁਮਾਰ ਤੇ ਆਸ਼ੀਸ਼ ਸ਼ਾਮਲ ਸਨ। ਕੌਕਸਲੈਸ ਜੋੜੀ ਵਿੱਚ ਭਾਰਤ ਦੇ ਬਾਬੂ ਲਾਲ ਯਾਦਵ ਤੇ ਲੇਖ ਰਾਮ ਨੇ 6:50.41 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਹਾਂਗਕਾਂਗ ਚੀਨ ਨੇ ਸੋਨ ਤੇ ਉਜ਼ਬੇਕਿਸਤਾਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਉਦੇਸ਼ ਪੈਰਿਸ ਓਲੰਪਿਕ 2024 ਵਿੱਚ ਤਗ਼ਮਾ ਜਿੱਤਣਾ ਹੈ। ਭਾਰਤ ਨੇ ਕਿਸ਼ਤੀ ਚਾਲਨ ਲਈ 33 ਮੈਂਬਰੀ ਦਲ ਭੇਜਿਆ ਹੈ। -ਪੀਟੀਆਈ