ਰਾਸ਼ਟਰਮੰਡਲ ਖੇਡਾਂ: Medalists ਦਾ ਨਿੱਘਾ welcome
ਅਗਲਾ ਟੀਚਾ ਜਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ: ਲਵਪ੍ਰੀਤ ਸਿੰਘ
ਸਟਾਰ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ ਅਤੇ ਲਵਪ੍ਰੀਤ ਸਿੰਘ ਸਣੇ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਦੇ ਪਹਿਲੇ ਦਲ ਦਾ ਅੱਜ ਇੱਥੇ ਵਤਨ ਵਾਪਸੀ ’ਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਓਲੰਪਿਕ ਤਗ਼ਮਾ ਜੇਤੂ ਮੀਰਾਬਾਈ ਚਾਨੂ ਨੇ ਮਹਿਲਾਵਾਂ ਦੇ 49 ਕਿਲੋ ਭਾਰ ਵਰਗ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤਿਆ। ਮੀਰਾਬਾਈ ਨੇ ਹਵਾਈ ਅੱਡੇ ’ਤੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ, ‘‘ਮਨੀਪੁਰ ਨਾਲ ਸਬੰਧਤ ਹੋਣ ਕਰ ਕੇ ਮੈਨੂੰ ਇਸ ਗੱਲ ’ਤੇ ਬਹੁਤ ਮਾਣ ਹੈ ਕਿ ਮੈਂ ਆਪਣੇ ਦੇਸ਼ ਲਈ ਕੁਝ ਚੰਗਾ ਕਰ ਸਕੀ।’’ ਪੁਰਸ਼ਾਂ ਦੇ 109 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਇੱਕ ਕਿਲੋ ਦੇ ਮਾਮੂਲੀ ਫ਼ਰਕ ਨਾਲ ਸੋਨ ਤਗ਼ਮੇ ਤੋਂ ਖੁੰਝ ਕੇ ਚਾਂਦੀ ਤਗ਼ਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਸ ਦਾ ਅਗਲਾ ਟੀਚਾ ਜਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਹਨ। ਪੰਜਾਬ ਦੇ 28 ਸਾਲਾ ਲਵਪ੍ਰੀਤ ਨੇ ਕਿਹਾ, ‘‘ਮੈਂ ਭਾਰਤੀ ਜਲ ਸੈਨਾ, ਆਪਣੇ ਕਪਤਾਨ ਵਿਜੈ ਕੁਮਾਰ ਅਤੇ ਇੱਥੇ ਸਵਾਗਤ ਲਈ ਆਏ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’’

