Commonwealth Games: ਸ੍ਰੀਹਰੀ ਨਟਰਾਜ 100m Backstroke ਦੇ ਸੈਮੀ ਫਾਈਨਲ ’ਚ ਪੁੱਜਿਆ
ਤਜਰਬੇਕਾਰ ਸਾਜਨ ਪ੍ਰਕਾਸ਼ 50 ਮੀਟਰ ਬਟਰਫਲਾਈ ਮੁਕਾਬਲੇ ਦੀਆਂ ਹੀਟਸ ਨੂੰ ਪਾਰ ਕਰਨ ’ਚ ਅਸਫਲ
ਇੱਥੇ ਅੱਜ ਰਾਸ਼ਟਰਮੰਡਲ ਖੇਡਾਂ ਦੇ ਤੈਰਾਕੀ ਮੁਕਾਬਲੇ ਵਿੱਚ ਭਾਰਤ ਦੇ ਸ੍ਰੀਹਰੀ ਨਟਰਾਜ ਨੇ 100 ਮੀਟਰ ਬੈਕਸਟ੍ਰੋਕ ਦੇ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਪਰ ਤਜਰਬੇਕਾਰ ਸਾਜਨ ਪ੍ਰਕਾਸ਼ 50 ਮੀਟਰ ਬਟਰਫਲਾਈ ਈਵੈਂਟ ਦੀਆਂ ਹੀਟਸ ਨੂੰ ਪਾਰ ਕਰਨ ਵਿੱਚ ਅਸਫਲ ਰਿਹਾ। ਨਟਰਾਜ ਨੇ 55.58 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਵਿੱਚ ਪੰਜਵਾਂ ਅਤੇ ਸਮੁੱਚੇ ਤੌਰ ’ਤੇ 13ਵਾਂ ਸਥਾਨ ਪ੍ਰਾਪਤ ਕੀਤਾ। ਸ਼ੁਰੂਆਤੀ ਪੜਾਅ ਤੋਂ ਸਭ ਤੋਂ ਤੇਜ਼ 16 ਤੈਰਾਕ ਅੱਗੇ ਵਧਦੇ ਹਨ। ਨਟਰਾਜ ਜਿਸ ਦਾ 50 ਮੀਟਰ ਦੇ ਨਿਸ਼ਾਨ ’ਤੇ ਸਮਾਂ 26.26 ਸਕਿੰਟ ਸੀ, ਦਾ ਨਿੱਜੀ ਸਰਬੋਤਮ ਸਮਾਂ 53.77 ਸਕਿੰਟ ਹੈ ਜੋ ਉਸ ਦਾ ਕੌਮੀ ਰਿਕਾਰਡ ਵੀ ਹੈ, ਜਿਸ ਨੂੰ ਉਸ ਨੇ 2021 ਵਿੱਚ ਬਣਾਇਆ ਸੀ। ਉੱਧਰ, ਕੁਆਲੀਫਾਇੰਗ ਰਾਊਂਡ ਵਿੱਚ ਆਪਣੀ ਹੀਟ ’ਚ ਅੱਠਵੇਂ ਅਤੇ ਸਮੁੱਚੇ ਤੌਰ ’ਤੇ 28ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਪੁਰਸ਼ਾਂ ਦੀ 50 ਮੀਟਰ ਬਟਰਫਲਾਈ ਦੇ ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ। ਨੌਵੇਂ ਅਤੇ ਆਖ਼ਰੀ ਗਰੁੱਪ ਦਾ ਹਿੱਸਾ ਰਹੇ ਸਾਜਨ ਨੇ ਮੁਕਾਬਲੇ ਤੋਂ ਬਾਹਰ ਹੋਣ ਲਈ 24.94 ਸਕਿੰਟ ਦਾ ਸਮਾਂ ਲਿਆ। ਇਹ ਪ੍ਰਦਰਸ਼ਨ ਉਸ ਦੇ ਨਿੱਜੀ ਸਰਬੋਤਮ 23.83 ਸਕਿੰਟ ਤੋਂ ਕਾਫੀ ਘੱਟ ਸੀ, ਜੋ ਕੌਮੀ ਰਿਕਾਰਡ ਵੀ ਹੈ।

