ਰਾਸ਼ਟਰਮੰਡਲ ਖੇਡਾਂ: ਕੋਟੇ ’ਚ ਕਟੌਤੀ ਦੇ ਬਾਵਜੂਦ ਮੀਰਾਬਾਈ ਤੇ ਸਾਥੀ ਸੋਨ ਤਗ਼ਮੇ ਜਿੱਤਣ ਲਈ ਤਿਆਰ
ਓਲੰਪਿਕ ਚਾਂਦੀ ਤਗ਼ਮਾ ਜੇਤੂ ਮੀਰਾਬਾਈ ਚਾਨੂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਵੇਟਲਿਫਟਿੰਗ ਮੁਹਿੰਮ ਦੀ ਅਗਵਾਈ ਕਰੇਗੀ, ਕਿਉਂਕਿ ਟੀਮ ਡੋਪਿੰਗ ਨਾਲ ਜੁੜੀਆਂ ਮੁਸ਼ਕਲਾਂ ਤੋਂ ਉਭਰ ਕੇ ਚਾਰ ਸਾਲਾਂ ਬਾਅਦ ਹੋਣ ਵਾਲੇ ਇਸ ਖੇਡ ਮੁਕਾਬਲੇ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼...
ਓਲੰਪਿਕ ਚਾਂਦੀ ਤਗ਼ਮਾ ਜੇਤੂ ਮੀਰਾਬਾਈ ਚਾਨੂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਵੇਟਲਿਫਟਿੰਗ ਮੁਹਿੰਮ ਦੀ ਅਗਵਾਈ ਕਰੇਗੀ, ਕਿਉਂਕਿ ਟੀਮ ਡੋਪਿੰਗ ਨਾਲ ਜੁੜੀਆਂ ਮੁਸ਼ਕਲਾਂ ਤੋਂ ਉਭਰ ਕੇ ਚਾਰ ਸਾਲਾਂ ਬਾਅਦ ਹੋਣ ਵਾਲੇ ਇਸ ਖੇਡ ਮੁਕਾਬਲੇ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਗਿਆਨੇਸ਼ਵਰੀ ਯਾਦਵ (53 ਕਿਲੋ), ਰਿਸ਼ੀਕਾਂਤ ਸਿੰਘ (60 ਕਿਲੋ) ਅਤੇ ਐੱਮ ਰਾਜਾ (65 ਕਿਲੋ) ਵੱਲ ਵੀ ਦੇਖੇਗਾ, ਜਿਨ੍ਹਾਂ ਸਾਰਿਆਂ ਨੂੰ ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਡੋਪਿੰਗ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੇ ਵੇਟਲਿਫਟਿੰਗ ਦਸਤੇ ਨੂੰ 16 ਤੋਂ ਘਟਾ ਕੇ 11 ਮੈਂਬਰੀ ਕਰ ਦਿੱਤਾ ਗਿਆ ਸੀ, ਜਿਸ ਨਾਲ ਮੁਕਾਬਲੇ ਤੋਂ ਪਹਿਲਾਂ ਹੀ ਤਗ਼ਮੇ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ। ਇਸ ਵਿੱਚ ਤਾਜ਼ਾ ਨੁਕਸਾਨ ਦਿਲਬਾਗ ਸਿੰਘ (96 ਕਿਲੋ) ਦੇ ਰੂਪ ਵਿੱਚ ਹੋਇਆ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਵਾਪਸ ਲੈ ਲਿਆ ਗਿਆ ਸੀ। ਇਸ ਨਾਲ ਟੀਮ ਹੋਰ ਕਮਜ਼ੋਰ ਹੋ ਗਈ ਹੈ। ਇਨ੍ਹਾਂ ਅੜਿੱਕਿਆਂ ਦੇ ਬਾਵਜੂਦ, ਚੀਨ ਅਤੇ ਉੱਤਰ ਕੋਰੀਆ ਵਰਗੇ ਰਵਾਇਤੀ ਦਿੱਗਜਾਂ ਦੀ ਗ਼ੈਰ-ਮੌਜੂਦਗੀ ਦਾ ਫ਼ਾਇਦਾ ਉਠਾਉਂਦਿਆਂ ਭਾਰਤ ਰਾਸ਼ਟਰਮੰਡਲ ਵੇਟਲਿਫਟਿੰਗ ਵਿੱਚ ਪ੍ਰਮੁੱਖ ਤਾਕਤ ਬਣਿਆ ਹੋਇਆ ਹੈ।
ਭਾਰਤੀ ਲਿਫਟਰਾਂ ਨੇ 1990, 2002, 2018 ਅਤੇ 2022 ਦੀਆਂ ਰਾਸ਼ਟਮੰਡਲ ਖੇਡਾਂ ਦੌਰਾਨ ਇਸ ਖੇਡ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਸਮਾਪਤੀ ਕੀਤੀ ਸੀ ਅਤੇ ਆਸਟਰੇਲੀਆ ਤੋਂ ਬਾਅਦ 46 ਸੋਨ ਤਗ਼ਮਿਆਂ ਸਣੇ ਕੁੱਲ 133 ਤਗ਼ਮਿਆਂ ਨਾਲ ਭਾਰਤ ਦੂਜਾ ਸਭ ਤੋਂ ਸਫਲ ਦੇਸ਼ ਹੈ। ਟੀਮ 2022 ਦੀਆਂ ਬਰਮਿੰਘਮ ਖੇਡਾਂ ਵਿੱਚ ਤਿੰਨ ਸੋਨੇ ਅਤੇ ਤਿੰਨ ਚਾਂਦੀ ਦੇ ਤਗ਼ਮਿਆਂ ਸਣੇ 10 ਤਗ਼ਮਿਆਂ ਨਾਲ ਵੇਟਲਿਫਟਿੰਗ ਤਗ਼ਮਾ ਸੂਚੀ ਵਿੱਚ ਸਿਖਰ ’ਤੇ ਰਹੀ ਸੀ ਅਤੇ ਗਲਾਸਗੋ ਵਿੱਚ ਵੀ ਅਜਿਹੇ ਹੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ। ਭਾਵੇਂ ਸਾਰੇ 11 ਭਾਰਤੀ ਲਿਫਟਰ ਪੋਡੀਅਮ ਤੱਕ ਪਹੁੰਚਣ ਦੇ ਸਮਰੱਥ ਮੰਨੇ ਜਾਂਦੇ ਹਨ, ਪਰ ਇਨ੍ਹਾਂ ਵਿੱਚੋਂ ਕੁਝ ਹੀ ਅਸਲ ਵਿੱਚ ਸੋਨ ਤਗ਼ਮੇ ਦੇ ਦਾਅਵੇਦਾਰ ਹਨ। ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਚਾਨੂ ਹੈ, ਜਿਸ ਤੋਂ ਬਿਨਾਂ ਕਿਸੇ ਮੁਸ਼ਕਲ ਦੇ ਆਪਣਾ ਰਾਸ਼ਟਰਮੰਡਲ ਖ਼ਿਤਾਬ ਬਰਕਰਾਰ ਰੱਖਣ ਦੀ ਉਮੀਦ ਹੈ।

