Commonwealth ਖੇਡਾਂ: Harshveer ਦੀ Cycling Team ’ਚ Selection
ੰਜਾਬ ਦੇ ਗੱਭਰੂ ਨੇ ਖੇਡਾਂ ਵਿੱਚ ਝੰਡੇ ਗੱਡੇ; ਏਸ਼ਿਆਈ ਖੇਡਾਂ ’ਚ ਵੀ ਕਰ ਚੁੱਕਾ ਹੈ ਭਾਰਤ ਦੀ ਨੁਮਾਇੰਦਗੀ
ਪੰਜਾਬ ਦੇ ਸਿਰਕੱਢ ਟਰੈਕ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ ਨੇ ਵੱਡੀ ਕੌਮਾਂਤਰੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਹਰਸ਼ਵੀਰ ਦੀ ਸ਼ਾਨਦਾਰ ਖੇਡ ਸਦਕਾ ਉਸ ਦੀ ਚੋਣ 30 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ਵਿੱਚ ਹੋਣ ਵਾਲੀਆਂ ਵੱਕਾਰੀ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਵਿੱਚ ਹੋ ਗਈ ਹੈ। ਇਸ ਇਤਿਹਾਸਕ ਅਤੇ ਮਾਣਮੱਤੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਰਸ਼ਵੀਰ ਸਿੰਘ ਨੇ ਆਪਣੀ ਦਿਨ-ਰਾਤ ਦੀ ਅਣਥੱਕ ਮਿਹਨਤ, ਜਜ਼ਬੇ ਅਤੇ ਦ੍ਰਿੜ੍ਹਤਾ ਸਦਕਾ ਨਾ ਸਿਰਫ਼ ਪੰਜਾਬ ਸੂਬੇ ਦਾ, ਬਲਕਿ ਪੂਰੇ ਭਾਰਤ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਕਾਹਲੋਂ ਨੇ ਦੱਸਿਆ ਕਿ ਹਰਸ਼ਵੀਰ ਸਿੰਘ ਸੇਖੋਂ ਨੇ ਸਾਲ 2019 ਵਿੱਚ ਭਾਰਤੀ ਕੌਮੀ ਟਰੈਕ ਸਾਈਕਲਿੰਗ ਟੀਮ ਦਾ ਹਿੱਸਾ ਬਣ ਕੇ ਆਪਣੇ ਕੌਮਾਂਤਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਹ ਭਾਰਤ ਦਾ ਸਭ ਤੋਂ ਉੱਚੀ ਰੈਂਕਿੰਗ ਵਾਲਾ ਟਰੈਕ ਸਾਈਕਲਿਸਟ ਬਣਨ ਦਾ ਮਾਣ ਹਾਸਲ ਕਰ ਚੁੱਕਾ ਹੈ। ਹਰਸ਼ਵੀਰ ਇਸ ਤੋਂ ਪਹਿਲਾਂ ਸਾਲ 2023 ਦੀਆਂ ਏਸ਼ਿਆਈ ਖੇਡਾਂ ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕਰ ਕੇ ਆਪਣੀ ਖੇਡ ਦਾ ਲੋਹਾ ਮਨਵਾ ਚੁੱਕਾ ਹੈ ਅਤੇ ਕੌਮੀ ਪੱਧਰ ’ਤੇ ਕਈ ਤਗ਼ਮੇ ਜਿੱਤ ਚੁੱਕਾ ਹੈ।

