Commonwealth Games 2026 ਨੇਜਾਬਾਜ਼ੀ: ਨੀਰਜ ਨੇ ਚਾਂਦੀ ਤੇ ਯਸ਼ ਵੀਰ ਨੇ ਕਾਂਸੀ ਦੇ ਤਗ਼ਮੇ ਫੁੰਡੇ
ਤੇਜਸਵਿਨ ਰਾਸ਼ਟਰਮੰਡਲ ਖੇਡਾਂ ’ਚ ਡੀਕੈਥਲੋਨ ’ਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ; ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਧਾਈ ਦਿੱਤੀ
ਰਾਸ਼ਟਰਮੰਡਲ ਖੇਡਾਂ 2026 ਵਿੱਚ ਸ਼ੁੱਕਰਵਾਰ ਨੂੰ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜਿਸ ਵਿੱਚ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਅਤੇ ਯਸ਼ ਵੀਰ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਚੋਪੜਾ ਦੇ ਚਾਂਦੀ ਅਤੇ ਯਸ਼ ਵੀਰ ਸਿੰਘ ਦੇ ਕਾਂਸੀ ਦੇ ਤਗ਼ਮੇ ਤੋਂ ਇਲਾਵਾ, ਤੇਜਸਵਿਨ ਸ਼ੰਕਰ ਨੇ ਡੀਕੈਥਲੋਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਉਹ ਇਸ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਗ਼ਮੇ ਜਿੱਤਣ ਵਾਲੇ ਭਾਰਤੀ ਐਥਲੀਟਾਂ ਨੀਰਜ ਚੋਪੜਾ, ਤੇਜਸਵਿਨ ਸ਼ੰਕਰ ਅਤੇ ਯਸ਼ ਵੀਰ ਸਿੰਘ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਪ੍ਰਤਿਭਾ, ਦ੍ਰਿੜ੍ਹ ਇਰਾਦੇ ਤੇ ਜੁਝਾਰੂ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ‘ਐਕਸ’ ਉੱਤੇ ਪਾਏ ਆਪਣੇ ਸੁਨੇਹੇ ਵਿੱਚ ਉਨ੍ਹਾਂ ਲਿਖਿਆ, ‘‘ਰਾਸ਼ਟਰਮੰਡਲ ਖੇਡਾਂ 2026 ਵਿੱਚ ਪੁਰਸ਼ਾਂ ਦੇ ਨੇਜਾਬਾਜ਼ੀ ਦੇ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਨੀਰਜ ਚੋਪੜਾ ਨੂੰ ਵਧਾਈ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਦਾ ਮਾਣ ਵਧਾਇਆ ਹੈ। ਭਵਿੱਖ ਦੇ ਯਤਨਾਂ ਲਈ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।’’
ਰੱਖਿਆ ਮੰਤਰੀ ਨੇ ਤੇਜਸਵਿਨ ਸ਼ੰਕਰ ਨੂੰ ਸੱਟ ਲੱਗੀ ਹੋਣ ਦੇ ਬਾਵਜੂਦ ਪੁਰਸ਼ਾਂ ਦੇ ਡੀਕੈਥਲੋਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਲਈ ਵੀ ਸਰਾਹਿਆ ਅਤੇ ਉਸ ਦੀ ਇਸ ਪ੍ਰਾਪਤੀ ਨੂੰ ਇਤਿਹਾਸਕ ਕਰਾਰ ਦਿੱਤਾ ਕਿਉਂਕਿ ਉਹ ਇਸ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। ਇਸੇ ਤਰ੍ਹਾਂ ਰਾਜਨਾਥ ਸਿੰਘ ਨੇ ਪੁਰਸ਼ਾਂ ਦੇ ਨੇਜਾਬਾਜ਼ੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਯਸ਼ ਵੀਰ ਸਿੰਘ ਨੂੰ ਵੀ ਵਧਾਈ ਦਿੱਤੀ ਅਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ ਕੀਤੀ।
ਪ੍ਰਵੀਨ ਚਿੱਤਰਾਵੇਲ ਨੇ ਚਾਂਦੀ ਜਿੱਤੀ
ਗਲਾਸਗੋ: ਭਾਰਤੀ ਐਥਲੀਟਾਂ ਪ੍ਰਵੀਨ ਚਿੱਤਰਾਵੇਲ ਅਤੇ ਸੇਲਵਾ ਪ੍ਰਭੂ ਤਿਰੂਮਾਰਨ ਨੇ ਅੱਜ ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2026 ਦੌਰਾਨ ਪੁਰਸ਼ਾਂ ਦੀ ਤੀਹਰੀ ਛਾਲ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮਾ ਜਿੱਤ ਕੇ ਦੇਸ਼ ਲਈ ਪੋਡੀਅਮ ’ਤੇ ਦੋਹਰਾ ਤਗ਼ਮਾ ਜਿੱਤਣ ਦਾ ਰਿਕਾਰਡ ਬਣਾਇਆ। ਚਿੱਤਰਾਵੇਲ ਨੇ ਆਪਣੇ ਚੌਥੇ ਯਤਨ ਵਿੱਚ 16.58 ਮੀਟਰ ਦੀ ਸਰਬੋਤਮ ਛਾਲ ਮਾਰ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ, ਜਦੋਂ ਕਿ ਸੇਲਵਾ ਪ੍ਰਭੂ ਨੇ 16.52 ਮੀਟਰ ਦੀ ਸਰਬੋਤਮ ਛਾਲ ਨਾਲ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਪ੍ਰਵੀਨ ਚਿੱਤਰਾਵੇਲ ਪਹਿਲੇ ਤਿੰਨ ਗੇੜਾਂ ਤੋਂ ਬਾਅਦ ਸ਼ੁਰੂ ਵਿੱਚ 16.05 ਮੀਟਰ ਦੀ ਛਾਲ ਨਾਲ ਪੰਜਵੇਂ ਸਥਾਨ ’ਤੇ ਸੀ। ਉਸ ਨੇ ਤੀਜੇ ਰਾਊਂਡ ਵਿੱਚ ਸੁਧਾਰ ਕਰਦਿਆਂ 16.31 ਮੀਟਰ ਅਤੇ ਫਿਰ ਚੌਥੇ ਯਤਨ ਵਿੱਚ 16.58 ਮੀਟਰ ਦੀ ਛਾਲ ਮਾਰ ਕੇ ਕੁਝ ਸਮੇਂ ਲਈ ਪਹਿਲਾ ਸਥਾਨ ਹਾਸਲ ਕਰ ਲਿਆ। ਦੂਜੇ ਪਾਸੇ, ਸੇਲਵਾ ਪ੍ਰਭੂ ਨੇ ਆਪਣੇ ਦੂਜੇ ਯਤਨ ਵਿੱਚ 16.17 ਮੀਟਰ ਦੀ ਛਾਲ ਨਾਲ ਕਾਂਸੀ ਤਗ਼ਮਾ ਹਾਸਲ ਕੀਤਾ। ਉਸ ਨੇ ਤੀਜੇ ਰਾਊਂਡ ਵਿੱਚ ਆਪਣੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਕਰਦਿਆਂ 16.43 ਮੀਟਰ ਅਤੇ ਆਖ਼ਰਕਾਰ 16.52 ਮੀਟਰ ਦੀ ਸਰਬੋਤਮ ਛਾਲ ਨਾਲ ਮੁਕਾਬਲਾ ਪੂਰਾ ਕੀਤਾ। ਇਸ ਦੋਹਰੇ ਪੋਡੀਅਮ ਪ੍ਰਦਰਸ਼ਨ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਐਥਲੈਟਿਕਸ ਵਿੱਚ ਭਾਰਤ ਦੀ ਮਜ਼ਬੂਤ ਸਥਿਤੀ ’ਚ ਹੋਰ ਇਜ਼ਾਫ਼ਾ ਕੀਤਾ ਹੈ। -ਏਐੱਨਆਈ

