Coco Gauff ਦਾ ਜਜ਼ਬਾ: Court 'ਤੇ ਉਲਟੀ ਆਉਣ ਦੇ ਬਾਵਜੂਦ Madrid Open ਦੇ ਚੌਥੇ ਗੇੜ ਵਿੱਚ ਪੁੱਜੀ
ਕਰਸਟੀਆ ਨੂੰ 4-6, 7-5, 6-1 ਨਾਲ ਹਰਾਇਆ; ਉਲਟੀਆਂ ਆਉਣ ਦੇ ਬਾਵਜੂਦ ਖੇਡਣਾ ਜਾਰੀ ਰੱਖਿਆ
ਅਮਰੀਕਾ ਦੀ ਸਟਾਰ ਟੈਨਿਸ ਖਿਡਾਰਨ ਕੋਕੋ ਗੌਫ ਨੇ ਬਿਮਾਰੀ ਦੇ ਬਾਵਜੂਦ ਸ਼ਾਨਦਾਰ ਜਜ਼ਬਾ ਦਿਖਾਉਂਦਿਆਂ ਮੈਡਰਿਡ ਓਪਨ ਦੇ ਚੌਥੇ ਗੇੜ ਵਿੱਚ ਥਾਂ ਬਣਾ ਲਈ ਹੈ। ਪਿਛਲੇ ਸਾਲ ਦੀ ਫਾਈਨਲਿਸਟ ਅਤੇ ਤੀਜਾ ਦਰਜਾ ਪ੍ਰਾਪਤ ਗੌਫ ਨੇ ਸੋਰਾਨਾ ਕਰਸਟੀਆ ਖ਼ਿਲਾਫ਼ ਵਾਪਸੀ ਕਰਦਿਆਂ ਤਿੰਨ ਸੈੱਟਾਂ ਦੇ ਮੁਕਾਬਲੇ ਵਿੱਚ 4-6, 7-5, 6-1 ਨਾਲ ਜਿੱਤ ਦਰਜ ਕੀਤੀ। ਮੈਚ ਦੇ ਦੂਜੇ ਸੈੱਟ ਦੌਰਾਨ ਗੌਫ ਦੀ ਸਿਹਤ ਇੰਨੀ ਵਿਗੜ ਗਈ ਕਿ ਉਸ ਨੂੰ ਕੋਰਟ ’ਤੇ ਹੀ ਉਲਟੀ ਆ ਗਈ। ਮੈਚ ਤੋਂ ਬਾਅਦ ਉਸ ਨੇ ਦੱਸਿਆ ਕਿ ਇਹ ਪਲ ਉਸ ਲਈ ਕਾਫ਼ੀ ਸ਼ਰਮਿੰਦਗੀ ਵਾਲੇ ਸਨ ਅਤੇ ਉਸ ਵੇਲੇ ਅਜਿਹਾ ਲੱਗ ਰਿਹਾ ਸੀ ਜਿਵੇਂ ਸਰੀਰ ਦੀ ਸਾਰੀ ਤਾਕਤ ਖ਼ਤਮ ਹੋ ਗਈ ਹੋਵੇ। ਉਸ ਨੇ ਕਿਹਾ, ‘‘ਮੈਂ ਉਨ੍ਹਾਂ ਖਿਡਾਰੀਆਂ ’ਚੋਂ ਹਾਂ ਜੋ ਮੈਚ ਵਿਚਾਲੇ ਛੱਡਣਾ ਪਸੰਦ ਨਹੀਂ ਕਰਦੇ। ਮੇਰਾ ਇਰਾਦਾ ਮੈਚ ਨੂੰ ਹਰ ਹਾਲ ਵਿੱਚ ਪੂਰਾ ਕਰਨ ਦਾ ਸੀ।’’ ਦੂਜੇ ਸੈੱਟ ਵਿੱਚ ਤਿੰਨ ਵਾਰ ਪਛੜਨ ਦੇ ਬਾਵਜੂਦ ਉਸ ਨੇ 7-5 ਨਾਲ ਜਿੱਤ ਦਰਜ ਕੀਤੀ ਅਤੇ ਫਿਰ ਤੀਜੇ ਸੈੱਟ ਵਿੱਚ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੌਥੇ ਨੰਬਰ ਦੀ ਖਿਡਾਰਨ ਇਗਾ ਸਵਿਆਤੇਕ ਵੀ ਬਿਮਾਰੀ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਹੁਣ ਅਗਲੇ ਗੇੜ ਵਿੱਚ ਕੋਕੋ ਗੌਫ ਦਾ ਮੁਕਾਬਲਾ 13ਵਾਂ ਦਰਜਾ ਪ੍ਰਾਪਤ ਲਿੰਡਾ ਨੋਸਕੋਵਾ ਨਾਲ ਹੋਵੇਗਾ।

