ਚੀਨ ਨੇ ਭਾਰਤ ਦੇ ਨੰਬਰ-1 ਟੈਨਿਸ ਖਿਡਾਰੀ ਦਾ ਰਾਹ ਰੋਕਿਆ
ਨਾਗਲ ਨੇ ਆਸਟਰੇਲੀਅਨ ਓਪਨ ਪਲੇਅ-ਆਫ ’ਚ ਹਿੱਸਾ ਲੈਣ ਜਾਣਾ ਹੈ ਚੇਂਗਦੂ; ਵੀਜ਼ਾ ਅਰਜ਼ੀ ਬਿਨਾਂ ਕਾਰਨ ਕੀਤੀ ਰੱਦ
ਆਸਟਰੇਲੀਅਨ ਓਪਨ ਪਲੇਅ-ਆਫ ਲਈ ਵੀਜ਼ਾ ਅਰਜ਼ੀ ਬਿਨਾਂ ਕੋਈ ਕਾਰਨ ਦੱਸੇ ਰੱਦ ਕੀਤੇ ਜਾਣ ਮਗਰੋਂ ਅੱਜ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਚੀਨੀ ਸਫਾਰਤਖਾਨੇ ਦਾ ਦਖ਼ਲ ਮੰਗਿਆ ਹੈ। ਨਾਗਲ ਨੇ ਐਕਸ ’ਤੇ ਭਾਰਤ ਵਿੱਚ ਚੀਨੀ ਰਾਜਦੂਤ ਅਤੇ ਚੀਨੀ ਸਫਾਰਤਖਾਨੇ ਦੇ ਤਰਜਮਾਨ ਨੂੰ ਟੈਗ ਕਰਦਿਆਂ ਲਿਖਿਆ, ‘‘ਮੈਂ ਭਾਰਤ ਦਾ ਨੰਬਰ 1 ਟੈਨਿਸ ਖਿਡਾਰੀ ਹਾਂ। ਮੈਂ ਆਸਟਰੇਲੀਅਨ ਓਪਨ ਪਲੇਅ-ਆਫ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਜਲਦੀ ਚੀਨ ਜਾਣਾ ਹੈ, ਪਰ ਮੇਰਾ ਵੀਜ਼ਾ ਬਿਨਾਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਤੁਹਾਡੀ ਤੁਰੰਤ ਮਦਦ ਦੀ ਲੋੜ ਹੈ।’’ ਹਰਿਆਣਾ ਦਾ 27 ਸਾਲਾ ਨਾਗਲ ਇਸ ਵੇਲੇ 275ਵੀਂ ਰੈਂਕਿੰਗ ਨਾਲ ਭਾਰਤ ਦਾ ਸਿਖਰਲਾ ਖਿਡਾਰੀ ਹੈ। ਉਸ ਨੇ ਚੀਨ ਦੇ ਸ਼ਹਿਰ ਚੇਂਗਦੂ ਵਿੱਚ ਹੋਣ ਵਾਲੇ ਆਸਟਰੇਲੀਅਨ ਓਪਨ ਪਲੇਅ-ਆਫ ਵਿੱਚ ਹਿੱਸਾ ਲੈਣਾ ਹੈ। ਇਸ ਟੂਰਨਾਮੈਂਟ ਨਾਲ ਖੇਤਰੀ ਖਿਡਾਰੀਆਂ ਨੂੰ 2025 ਆਸਟਰੇਲੀਅਨ ਓਪਨ ਦੇ ਮੁੱਖ ਡਰਾਅ ਵਿੱਚ ਸਿੱਧਾ ਦਾਖ਼ਲਾ ਮਿਲਦਾ ਹੈ। ਜੇ ਇਹ ਮਾਮਲਾ ਜਲਦੀ ਹੱਲ ਨਹੀਂ ਹੁੰਦਾ ਤਾਂ ਨਾਗਲ ਇਸ ਅਹਿਮ ਟੂਰਨਾਮੈਂਟ ਤੋਂ ਖੁੰਝ ਸਕਦਾ ਹੈ, ਜਿਸ ਨਾਲ ਉਸ ਦੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਖੇਡਣ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗੇਗਾ।

