ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸੁਪਰ ਸ਼ਤਰੰਜ ਕਲਾਸਿਕ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਰਮਨੀ ਦੇ ਵਿਨਸੈਂਟ ਕੇਮਰ ਨਾਲ ਬਾਜ਼ੀ ਡਰਾਅ ਖੇਡੀ। ਇਸ ਡਰਾਅ ਮਗਰੋਂ ਵੀ ਉਹ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਬਰਕਰਾਰ ਹੈ। ਪਿਛਲੇ ਗੇੜ ਵਿੱਚ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਪ੍ਰਗਨਾਨੰਦਾ ਦੇ ਹੁਣ ਤਿੰਨ ’ਚੋਂ ਦੋ ਅੰਕ ਹੋ ਗਏ ਹਨ। ਉਹ ਫਰਾਂਸ ਦੇ ਮੈਕਸਿਮ ਵਾਸ਼ੀਅਰ-ਲਾਗਰੇਵ, ਨੈਦਰਲੈਂਡਜ਼ ਦੇ ਜੌਰਡਨ ਵੈਨ ਫੋਰੈਸਟ, ਅਨੀਸ਼ ਗਿਰੀ ਅਤੇ ਕੇਮਰ ਨਾਲ ਸਾਂਝੇ ਤੌਰ ’ਤੇ ਸਿਖਰ ’ਤੇ ਹੈ। ਸਫੈਦ ਮੋਹਰਿਆਂ ਨਾਲ ਖੇਡਦਿਆਂ ਪ੍ਰਗਨਾਨੰਦਾ ਨੇ ਨਿਮਜ਼ੋ ਇੰਡੀਅਨ ਖ਼ਿਲਾਫ਼ ਕੈਪਾਬਲਾਂਕਾ ਓਪਨਿੰਗ ਖੇਡੀ। ਕੇਮਰ ਨੇ ਸ਼ੁਰੂਆਤ ਵਿੱਚ ਹੀ ਇੱਕ ਪਿਆਦਾ ਕੁਰਬਾਨ ਕਰ ਕੇ ਖੇਡ ਬਰਾਬਰ ਕਰ ਦਿੱਤੀ। ਦੋਵੇਂ ਖਿਡਾਰੀ 64 ਚਾਲਾਂ ਤੋਂ ਬਾਅਦ ਡਰਾਅ ’ਤੇ ਸਹਿਮਤ ਹੋਏ। ਦੂਜੇ ਪਾਸੇ, ਅਨੀਸ਼ ਗਿਰੀ ਨੇ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਵੈਨ ਫੋਰੈਸਟ ਨੇ ਕਾਲੇ ਮੋਹਰਿਆਂ ਨਾਲ ਖੇਡਦਿਆਂ ਸਥਾਨਕ ਖਿਡਾਰੀ ਬੋਗਦਾਨ-ਡੈਨੀਅਲ ਡੀਕ ਨੂੰ ਮਾਤ ਦਿੱਤੀ।
ਅਮਰੀਕਾ ਦੇ ਫੈਬੀਆਨੋ ਕਾਰੂਆਨਾ ਅਤੇ ਵੈਸਲੀ ਸੋ ਵਿਚਾਲੇ ਖੇਡੀ ਗਈ ਬਾਜ਼ੀ ਡਰਾਅ ਰਹੀ, ਜਿਸ ਨਾਲ ਦੋਵਾਂ ਦੇ 1.5 ਅੰਕ ਹਨ। ਸਿੰਦਾਰੋਵ ਨੇ ਵਾਸ਼ੀਅਰ-ਲਾਗਰੇਵ ਨੂੰ ਡਰਾਅ ’ਤੇ ਰੋਕ ਕੇ ਅੰਕ ਵੰਡਿਆ। ਨੌਂ ਗੇੜਾਂ ਦੇ ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਕਮ 3,50,000 ਅਮਰੀਕੀ ਡਾਲਰ ਹੈ, ਜਿਸ ’ਚੋਂ ਜੇਤੂ ਨੂੰ 1,00,000 ਡਾਲਰ ਮਿਲਣਗੇ। ਦੂਜੇ ਗੇੜ ਦੇ ਮੁਕਾਬਲਿਆਂ ਵਿੱਚ ਪ੍ਰਗਨਾਨੰਦਾ ਨੇ ਸਿੰਦਾਰੋਵ ਅਤੇ ਕੇਮਰ ਨੇ ਬੋਗਦਾਨ-ਡੈਨੀਅਲ ਨੂੰ ਹਰਾਇਆ ਸੀ।

