ਚੈਂਪੀਅਨਜ਼ ਟਰਾਫੀ: ਭਾਰਤ ਤੇ ਜਪਾਨ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ
ਸੈਮੀ ਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 8-1 ਨਾਲ ਹਰਾਇਆ; ਜਪਾਨ ਨੇ ਮਲੇਸ਼ੀਆ ’ਤੇ ਪੈਨਲਟੀ ਸਟਰੋਕਾਂ ਰਾਹੀਂ 5-3 ਨਾਲ ਜਿੱਤ ਦਰਜ ਕੀਤੀ
ਇੱਥੇ ਅੱਜ ਮੁਹਾਲੀ ਦੇ ਸੀਨੀਅਰ ਬਲਬੀਰ ਸਿੰਘ ਕੌਮਾਂਤਰੀ ਸਟੇਡੀਅਮ ਵਿੱਚ 9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਹੋਏ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਜਿੱਤ ਦਰਜ ਕਰ ਕੇ ਭਾਰਤ ਤੇ ਜਪਾਨ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ। ਦੋਵੇਂ ਟੀਮਾਂ ਵਿਚਾਲੇ ਖ਼ਿਤਾਬੀ ਮੁਕਾਬਲਾ ਵੀਰਵਾਰ ਨੂੰ ਸ਼ਾਮ 7 ਵਜੇ ਹੋਵੇਗਾ। ਤੀਜੇ ਅਤੇ ਚੌਥੇ ਸਥਾਨ ਲਈ ਮਲੇਸ਼ੀਆ ਤੇ ਦੱਖਣੀ ਕੋਰੀਆ ਦਰਮਿਆਨ ਮੁਕਾਬਲਾ ਵੀ ਭਲਕੇ ਹੋਵੇਗਾ।
ਇੱਥੇ ਅੱਜ ਹੋਏ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 8-1 ਗੋਲਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਭਾਰਤੀ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਨੂੰ ਮੈਚ ਦੇ ਬਿਹਤਰੀਨ ਖਿਡਾਰੀ ਦਾ ਖ਼ਿਤਾਬ ਦਿੱਤਾ ਗਿਆ। ਉਸ ਦਾ ਸਨਮਾਨ ਕਰਨ ਦੀ ਰਸਮ ਓਲੰਪੀਅਨ ਅਜੀਤਪਾਲ ਸਿੰਘ, ਜ਼ਫ਼ਰ ਇਕਬਾਲ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰਾ ਸਿੰਘ ਨੇ ਨਿਭਾਈ। ਭਾਰਤੀ ਟੀਮ ਵੱਲੋਂ ਮੈਚ ਦੇ ਚੌਥੇ, ਨੌਂਵੇਂ, 13ਵੇਂ, 21ਵੇਂ, 21ਵੇਂ, 25ਵੇਂ, 36ਵੇਂ ਅਤੇ 54ਵੇਂ ਮਿੰਟਾਂ ਵਿੱਚ ਗੋਲ ਕੀਤੇ। ਦੱਖਣੀ ਕੋਰੀਆ ਦੀ ਟੀਮ ਮੈਚ ਦੇ ਨੌਂਵੇਂ ਮਿੰਟ ਵਿੱਚ ਸਿਰਫ਼ ਇੱਕ ਗੋਲ ਹੀ ਕਰ ਸਕੀ। ਮੈਨ ਆਫ ਦਿ ਮੈਚ ਐਲਾਨੇ ਗਏ ਦਿਲਪ੍ਰੀਤ ਸਿੰਘ ਅਤੇ ਲਾਕੜਾ ਸਿਲਾਨੰਦ ਨੇ 2-2 ਗੋਲ, ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਵਿਵੇਕ ਪ੍ਰਸਾਦ ਸਾਗਰ ਅਤੇ ਅੰਗਦਵੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਕੋਰੀਆ ਵੱਲੋਂ ਇੱਕੋ-ਇੱਕ ਗੋਲ ਹਾਂਗ ਸੰਗਜੁਨ ਨੇ ਕੀਤਾ।
ਇਸ ਤੋਂ ਪਹਿਲਾਂ ਹੋਏ ਇਕ ਹੋਰ ਸੈਮੀ ਫਾਈਨਲ ਵਿੱਚ ਮਲੇਸ਼ੀਆ ਨੂੰ ਪੈਨਲਟੀ ਸਟਰੋਕਾਂ ਰਾਹੀਂ 5-3 ਨਾਲ ਹਰਾ ਕੇ ਜਪਾਨ ਫਾਈਨਲ ਵਿੱਚ ਪੁੱਜਿਆ। ਜਪਾਨ ਅਤੇ ਮਲੇਸ਼ੀਆ ਦਰਮਿਆਨ ਕਾਫ਼ੀ ਫਸਵਾਂ ਮੁਕਾਬਲਾ ਹੋਇਆ। ਦੋਵੇਂ ਟੀਮਾਂ ਤੈਅ ਸਮੇਂ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ। ਉਪਰੰਤ ਦੋਵੇਂ ਟੀਮਾਂ ਲਈ ਨਿਰਧਾਰਤ ਕੀਤੇ ਗਏ 5-5 ਪੈਨਲਟੀ ਸਟਰੋਕਾਂ ਵਿੱਚੋਂ ਜਪਾਨ ਦੀ ਟੀਮ 5-3 ਗੋਲਾਂ ਦੇ ਫ਼ਰਕ ਨਾਲ ਮਲੇਸ਼ੀਆ ਨੂੰ ਹਰਾ ਕੇ ਫਾਈਨਲ ਵਿੱਚ ਪੁੱਜੀ। ਇਸੇ ਦੌਰਾਨ ਪੰਜਵੇਂ ਤੇ ਛੇਵੇਂ ਸਥਾਨ ਲਈ ਚੀਨ ਅਤੇ ਬੰਗਲਾਦੇਸ਼ ਦਰਮਿਆਨ ਮੁਕਾਬਲਾ ਹੋਇਆ। ਇਸ ਮੈਚ ਵਿੱਚ ਚੀਨ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ।

