ਲਖਨਊ, 17 ਸਤੰਬਰ
ਰੋਹਨ ਬੋਪੰਨਾ ਨੇ ਯੁਕੀ ਭਾਂਬਰੀ ਨਾਲ ਅੱਜ ਇੱਥੇ ਪੁਰਸ਼ ਡਬਲਜ਼ ਵਿੱਚ ਸਿੱਧੇ ਸੈੱਟਾਂ ’ਚ ਬੜੀ ਆਸਾਨੀ ਨਾਲ ਜਿੱਤ ਦਰਜ ਕਰ ਕੇ ਡੇਵਿਸ ਕੱਪ ਵਿੱਚ ਆਪਣੇ ਕਰੀਅਰ ਦੀ ਸ਼ਾਨਦਾਰ ਆਖ਼ਰੀ ਪਾਰੀ ਖੇਡੀ। ਭਾਰਤ ਨੇ ਮੋਰੱਕੋ ਖ਼ਿਲਾਫ਼ ਵਿਸ਼ਵ ਗਰੁੱਪ ਦੋ ਦੇ ਮੁਕਾਬਲੇ ਵਿੱਚ 2-1 ਨਾਲ ਲੀਡ ਲਈ। ਡੇਵਿਸ ਕੱਪ ਵਿੱਚ ਆਪਣਾ 33ਵਾਂ ਅਤੇ ਆਖ਼ਰੀ ਮੁਕਾਬਲਾ ਖੇਡ ਰਹੇ 43 ਸਾਲਾ ਬੋਪੰਨਾ ਅਤੇ ਭਾਂਬਰੀ ਨੇ ਮੋਰੱਕੋ ਦੇ ਇਲੀਅਟ ਬੈਨਚੇਟਰਿਕ ਅਤੇ ਯੂਨਸ ਲਾਲਾਮੀ ਲਾਰੌਸੀ ਨੂੰ ਇੱਕ ਘੰਟਾ 11 ਮਿੰਟ ਤੱਕ ਚੱਲੇ ਮੈਚ ਵਿੱਚ 6-2, 6-1 ਨਾਲ ਹਰਾਇਆ। ਹੁਣ ਸੁਮਿਤ ਨਾਗਲ ਜੇਕਰ ਯਾਸੀਨ ਦਲੀਮੀ ਨੂੰ ਹਰਾਉਂਦਾ ਹੈ ਤਾਂ ਭਾਰਤ ਇਹ ਮੁਕਾਬਲਾ ਜਿੱਤ ਜਾਵੇਗਾ। -ਪੀਟੀਆਈ