DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਪਾਕਿ ਮੈਚ ਨਾ ਹੋਣ ’ਤੇ ਹੋਵੇਗਾ ਅਰਬਾਂ ਦਾ ਨੁਕਸਾਨ

ਪਾਕਿਸਤਾਨ ਦੇ ਫ਼ੈਸਲੇ ਨੇ ਮਾਲੀ ਗਣਿਤ ਵਿਗਾੜਿਆ; ਆਈ ਸੀ ਸੀ ਅਤੇ ਪ੍ਰਸਾਰਕਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਕ੍ਰਿਕਟ ਜਗਤ ਦੀ ਸਭ ਤੋਂ ਮਹਿੰਗੀ ਅਤੇ ਵੱਕਾਰੀ ਟੱਕਰ ’ਤੇ ਪਏ ਸਿਆਸੀ ਪਰਛਾਵੇਂ ਹੁਣ ਅਰਬਾਂ ਰੁਪਏ ਦੇ ਨੁਕਸਾਨ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ। 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਨਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਦੇ ਪਾਕਿਸਤਾਨ ਦੇ ਫੈਸਲੇ ਨੇ ਪੂਰੇ ਟੂਰਨਾਮੈਂਟ ਦਾ ਮਾਲੀ ਗਣਿਤ ਵਿਗਾੜ ਦਿੱਤਾ ਹੈ। ਮਾਹਿਰਾਂ ਅਨੁਸਾਰ ਇਹ ਮੈਚ ਰੱਦ ਹੋਣ ਨਾਲ ਆਈ ਸੀ ਸੀ ਅਤੇ ਵੱਖ-ਵੱਖ ਹਿੱਸੇਦਾਰਾਂ ਨੂੰ ਤਕਰੀਬਨ 250 ਮਿਲੀਅਨ ਡਾਲਰ (ਕਰੀਬ 2200 ਕਰੋੜ ਰੁਪਏ ਤੋਂ ਵੱਧ) ਦਾ ਨੁਕਸਾਨ ਹੋ ਸਕਦਾ ਹੈ।

ਦੋਵਾਂ ਰਵਾਇਤੀ ਵਿਰੋਧੀਆਂ ਵਿਚਾਲੇ ਤਣਾਅਪੂਰਨ ਸਬੰਧਾਂ ਕਾਰਨ ਉਹ ਸਿਰਫ਼ ਬਹੁ-ਕੌਮੀ ਟੂਰਨਾਮੈਂਟਾਂ ਵਿੱਚ ਹੀ ਆਹਮੋ-ਸਾਹਮਣੇ ਹੁੰਦੇ ਹਨ। ਇਸ ਮੈਚ ਦੀ ਕਮਾਈ ਨੂੰ ਦੇਖਦਿਆਂ ਹੀ ਆਈ ਸੀ ਸੀ ਹਰ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਨੂੰ ਇੱਕੋ ਗਰੁੱਪ ਵਿੱਚ ਰੱਖਦੀ ਹੈ। ਜੇ ਪਾਕਿਸਤਾਨ ਆਪਣੇ ਫੈਸਲੇ ’ਤੇ ਅੜਿਆ ਰਹਿੰਦਾ ਹੈ, ਤਾਂ ਭਾਰਤ ਨੂੰ ਵਾਕਓਵਰ ਮਿਲ ਜਾਵੇਗਾ ਅਤੇ ਪੂਰੇ ਅੰਕ ਹਾਸਲ ਕਰੇਗਾ, ਪਰ ਇਸ ਨਾਲ ਹੋਣ ਵਾਲੇ ਵਿੱਤੀ ਨੁਕਸਾਨ ਦੀ ਭਰਪਾਈ ਮੁਸ਼ਕਿਲ ਹੋ ਜਾਵੇਗੀ।

Advertisement

ਇਸ ਦਾ ਸਭ ਤੋਂ ਮਾਰੂ ਅਸਰ ਪ੍ਰਸਾਰਕ ‘ਜੀਓਸਟਾਰ’ ਉੱਤੇ ਪਵੇਗਾ, ਜੋ ਪਹਿਲਾਂ ਹੀ ਆਈ ਸੀ ਸੀ ਨਾਲ ਆਪਣੇ 3 ਅਰਬ ਡਾਲਰ ਦੇ ਸਮਝੌਤੇ ਬਾਰੇ ਮੁੜ ਵਿਚਾਰ ਕਰ ਰਹੀ ਹੈ। ਮੈਚ ਦੌਰਾਨ ਸਿਰਫ਼ 10 ਸੈਕਿੰਡ ਦੇ ਇਸ਼ਤਿਹਾਰ ਦੀ ਕੀਮਤ 40 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਇਕੱਲੇ ਇਸ਼ਤਿਹਾਰਾਂ ਰਾਹੀਂ ਮਿਲਣ ਵਾਲੀ 200 ਤੋਂ 250 ਕਰੋੜ ਰੁਪਏ ਦੀ ਕਮਾਈ ਦਾ ਘਾਟਾ ਪੈਣਾ ਸੁਭਾਵਿਕ ਹੈ। ਪੀ ਸੀ ਬੀ ਦੇ ਸਾਬਕਾ ਅਧਿਕਾਰੀ ਸਮੀ-ਉਲ-ਹਸਨ ਬਰਨੀ ਮੁਤਾਬਕ ਪਾਕਿਸਤਾਨੀ ਬੋਰਡ ਦੀ ਪੂਰੇ ਸਾਲ ਦੀ ਕਮਾਈ ਸਿਰਫ਼ 35.5 ਮਿਲੀਅਨ ਡਾਲਰ ਹੈ, ਜਦਕਿ ਇਸ ਇੱਕ ਮੈਚ ਦੀ ਕੀਮਤ ਉਸ ਤੋਂ ਕਈ ਗੁਣਾ ਵੱਧ ਹੈ।

Advertisement

ਪਾਕਿਸਤਾਨ ਲੈ ਸਕਦੈ ਯੂ-ਟਰਨ: ਗਾਵਸਕਰ

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ 15 ਫਰਵਰੀ ਨੂੰ ਭਾਰਤ ਖ਼ਿਲਾਫ਼ ਟੀ-20 ਵਿਸ਼ਵ ਕੱਪ ਦਾ ਮੈਚ ਨਾ ਖੇਡਣ ਦੇ ਫੈਸਲੇ ਤੋਂ ਪਾਕਿਸਤਾਨ ਜਲਦੀ ਹੀ ਯੂ-ਟਰਨ ਲੈ ਸਕਦਾ ਹੈ।

ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਪਾਕਿਸਤਾਨੀ ਕ੍ਰਿਕਟਰ ਸੰਨਿਆਸ ਲੈ ਕੇ ਚਾਰ ਦਿਨਾਂ ਬਾਅਦ ਹੀ ਵਾਪਸ ਆਉਣ ਲਈ ਮਸ਼ਹੂਰ ਹਨ, ਸ਼ਾਇਦ ਇਹ ਫੈਸਲਾ ਵੀ ਕੁਝ ਅਜਿਹਾ ਹੀ ਹੋਵੇ। ਗਾਵਸਕਰ ਨੇ ਆਈ ਸੀ ਸੀ ਨੂੰ ਅਪੀਲ ਕੀਤੀ ਕਿ ਜੇ ਪਾਕਿਸਤਾਨ ਬਿਨਾਂ ਕਿਸੇ ਠੋਸ ਕਾਰਨ ਤੋਂ ਮੈਚ ਨਹੀਂ ਖੇਡਦਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਪਾਕਿਸਤਾਨ ਦੇ ਫੈਸਲੇ ’ਤੇ ਆਈ ਸੀ ਸੀ ਦੀ ਚਿਤਾਵਨੀ ਦਾ ਬੀ ਸੀ ਸੀ ਆਈ ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ ਸੀ ਸੀ ਨੇ ਖੇਡ ਭਾਵਨਾ ਦਾ ਹਵਾਲਾ ਦੇ ਕੇ ਬਿਲਕੁਲ ਸਹੀ ਕਦਮ ਚੁੱਕਿਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਖੇਡਾਂ ਦੇ ਸਿਆਸੀਕਰਨ ਨੂੰ ‘ਸ਼ਰਮਨਾਕ’ ਦੱਸਦਿਆਂ ਕਿਹਾ ਕਿ ਇਸ ਮਸਲੇ ਦਾ ਹੱਲ ਤੁਰੰਤ ਕੱਢਣਾ ਚਾਹੀਦਾ ਹੈ। -ਪੀਟੀਆਈ

ਟੀ-20 ਵਿਸ਼ਵ ਕੱਪ ਲਈ ਪਾਕਿ ਟੀਮ ਕੋਲੰਬੋ ਰਵਾਨਾ

ਕਰਾਚੀ: ਭਾਰਤ ਖ਼ਿਲਾਫ਼ 15 ਫਰਵਰੀ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦੇ ਬਾਈਕਾਟ ਦੇ ਫੈਸਲੇ ’ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਭਾਵੇਂ ਚੁੱਪ ਧਾਰੀ ਹੋਈ ਹੈ, ਪਰ ਟੀਮ ਬਾਕੀ ਮੁਕਾਬਲਿਆਂ ਲਈ ਸੋਮਵਾਰ ਨੂੰ ਕੋਲੰਬੋ ਲਈ ਰਵਾਨਾ ਹੋ ਗਈ ਹੈ। ਸੂਤਰਾਂ ਮੁਤਾਬਕ ਬੋਰਡ ਕੋਲ ਸਰਕਾਰ ਦੇ ਹੁਕਮ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਜੇ ਨਾਕਆਊਟ ਗੇੜ ਵਿੱਚ ਵੀ ਭਾਰਤ ਨਾਲ ਟੱਕਰ ਹੁੰਦੀ ਹੈ ਤਾਂ ਬੋਰਡ ਸਰਕਾਰ ਦੇ ਫੈਸਲੇ ਅਨੁਸਾਰ ਹੀ ਚੱਲੇਗਾ। ਪੀ ਸੀ ਬੀ ਨੇ ਸਰਕਾਰ ਦੇ ਫੈਸਲੇ ਬਾਰੇ ਆਈ ਸੀ ਸੀ ਨੂੰ ਸੂਚਿਤ ਕਰ ਦਿੱਤਾ ਹੈ। ਪਾਕਿਸਤਾਨ ਦੀ ਮੁਹਿੰਮ 7 ਫਰਵਰੀ ਨੂੰ ਨੈਦਰਲੈਂਡਜ਼ ਖ਼ਿਲਾਫ਼ ਸ਼ੁਰੂ ਹੋਣੀ ਹੈ। ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਰਕਾਰ ਨਾਲ ਖੜ੍ਹੇ ਹਨ। ਦੂਜੇ ਪਾਸੇ, ਆਈ ਸੀ ਸੀ ਨੇ ਸੰਕੇਤ ਦਿੱਤਾ ਹੈ ਕਿ ਜੇ ਪਾਕਿਸਤਾਨ ਆਪਣਾ ਫ਼ੈਸਲਾ ਨਹੀਂ ਬਦਲਦਾ ਤਾਂ ਉਸ ਨੂੰ ਵਿਸ਼ਵ ਕੱਪ ਤੋਂ ਮਿਲਣ ਵਾਲੀ ਕਮਾਈ ਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। -ਪੀਟੀਆਈ

Advertisement
×