CSK ਨੂੰ ਵੱਡਾ ਝਟਕਾ: IPL 2026 ਦੇ ਪਹਿਲੇ ਦੋ ਹਫ਼ਤੇ ਨਹੀਂ ਖੇਡਣਗੇ MS Dhoni
30 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਵੇਗਾ ਮੁਕਾਬਲਾ
ਚੇਨਈ ਸੁਪਰ ਕਿੰਗਜ਼ (ਸੀ ਐੱਸ ਕੇ) ਦੇ ਦਿੱਗਜ ਖਿਡਾਰੀ ਐੱਮ ਐੱਸ ਧੋਨੀ ਦੀ ਲੱਤ ਦੀ ਮਾਸਪੇਸ਼ੀ ਵਿੱਚ ਖਿੱਚ ਆ ਗਈ ਹੈ। ਇਸ ਕਾਰਨ ਉਹ ਆਈ ਪੀ ਐੱਲ 2026 ਦੇ ਸ਼ੁਰੂਆਤੀ ਦੋ ਹਫ਼ਤਿਆਂ ਦੇ ਮੈਚ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਟੀਮ ਨੇ ਸ਼ਨਿੱਚਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਸੀ ਐੱਸ ਕੇ ਨੇ ਦੱਸਿਆ ਹੈ ਕਿ ਐੱਮ ਐੱਸ ਧੋਨੀ ਦੀ ਲੱਤ ਦੀ ਮਾਸਪੇਸ਼ੀ ਵਿੱਚ ਖਿੱਚ ਆ ਗਈ ਹੈ, ਜਿਸ ਨੂੰ ਠੀਕ ਕਰਨ ਲਈ ਉਹ ਖ਼ਾਸ ਕਸਰਤਾਂ ਅਤੇ ਟ੍ਰੇਨਿੰਗ ਕਰ ਰਹੇ ਹਨ। ਇਸ ਕਾਰਨ ਉਹ ਆਈ ਪੀ ਐੱਲ 2026 ਦੇ ਪਹਿਲੇ ਦੋ ਹਫ਼ਤੇ ਸ਼ਾਇਦ ਨਹੀਂ ਖੇਡ ਸਕਣਗੇ। ਟੀਮ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਵੀ ਕੀਤੀ ਹੈ।
ਸੀ ਐੱਸ ਕੇ ਸੀਜ਼ਨ ਦੀ ਸ਼ੁਰੂਆਤ 30 ਮਾਰਚ ਨੂੰ ਗੁਹਾਟੀ ਵਿੱਚ 2008 ਦੇ ਚੈਂਪੀਅਨ ਰਾਜਸਥਾਨ ਰਾਇਲਜ਼ (ਆਰ ਆਰ) ਦੇ ਵਿਰੁੱਧ ਆਪਣਾ ਪਹਿਲਾ ਮੈਚ ਖੇਡ ਕੇ ਕਰੇਗੀ।ਇਸ ਵਾਰ ਟੀਮਾਂ ਦੇ ਖਿਡਾਰੀਆਂ ਵਿੱਚ ਵੱਡੀ ਅਦਲਾ-ਬਦਲੀ ਹੋਈ ਹੈ। ਸਾਬਕਾ ਆਰ ਆਰ ਖਿਡਾਰੀ ਸੰਜੂ ਸੈਮਸਨ ਹੁਣ ਚੇਨਈ ਦੀ ਟੀਮ ਵਿੱਚ ਸ਼ਾਮਲ ਹੋ ਗਏ ਹਨ ਜਦਕਿ ਰਵਿੰਦਰ ਜਡੇਜਾ ਵਾਪਸ ਆਪਣੀ ਪੁਰਾਣੀ ਟੀਮ ਰਾਜਸਥਾਨ (ਆਰ ਆਰ) ਵਿੱਚ ਚਲੇ ਗਏ ਹਨ।।
ਲੰਬੇ ਸਮੇਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਆਈ ਪੀ ਐੱਲ ਦਾ ਇਹ ਸੀਜ਼ਨ ਧੋਨੀ ਦਾ ਆਖਰੀ ਸੀਜ਼ਨ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਗੋਡੇ ਦੀਆਂ ਸਮੱਸਿਆਵਾਂ ਬਣੀਆ ਹੋਈਆਂ ਹਨ।ਧੋਨੀ ਨੇ ਖ਼ੁਦ ਵੀ ਇੱਕ ਪ੍ਰੋਗਰਾਮ ਵਿੱਚ ਮੰਨਿਆ ਸੀ ਕਿ ਹੁਣ ਉਨ੍ਹਾਂ ਦੀ ਫਿਟਨੈੱਸ ਪਹਿਲਾਂ ਵਰਗੀ ਨਹੀਂ ਰਹੀ ਹੈ।

