DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ-20 ਲਈ ਬੰਗਲਾਦੇਸ਼ੀ ਪੱਤਰਕਾਰਾਂ ਦੀ ਮਾਨਤਾ ਰੁਕੀ

ਆਈ ਸੀ ਸੀ ਵੱਲੋਂ ਪ੍ਰਕਿਰਿਆ ’ਚ ਤਬਦੀਲੀ; ਟੀਮ ਵੱਲੋਂ ਭਾਰਤ ’ਚ ਖੇਡਣ ਲਈ ਇਨਕਾਰ ਤੋਂ ਬਾਅਦ ਫੈਸਲਾ

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਕਵਰੇਜ ਕਰਨ ਦੇ ਚਾਹਵਾਨ ਬੰਗਲਾਦੇਸ਼ੀ ਪੱਤਰਕਾਰਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਵਿੱਚ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਵੱਲੋਂ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇਹ ਫੈਸਲਾ ਬੰਗਲਾਦੇਸ਼ ਦੀ ਟੀਮ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਆਉਣ ਤੋਂ ਇਨਕਾਰ ਕਰਨ ਤੋਂ ਬਾਅਦ ਕੀਤਾ ਗਿਆ ਹੈ। ਆਈ ਸੀ ਸੀ ਇਸ ਪ੍ਰਕਿਰਿਆ ਨੂੰ ਉਸ ਸਮੇਂ ਬਦਲ ਰਹੀ ਹੈ ਜਦੋਂ ਕੁਝ ਬੰਗਲਾਦੇਸ਼ੀ ਪੱਤਰਕਾਰਾਂ ਨੇ ਉਨ੍ਹਾਂ ਦੀ ਮਾਨਤਾ ਪ੍ਰਾਪਤ ਕਰਨ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਆਈ ਸੀ ਸੀ ਦੇ ਸੂਤਰਾਂ ਨੇ ਦੱਸਿਆ ਕਿ ਪੱਤਰਕਾਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਦੀ ਗਿਣਤੀ ਨਿਯਮਾਂ ਅਨੁਸਾਰ ਨਹੀਂ ਸਨ, ਜਿਸ ਕਾਰਨ ਪ੍ਰਕਿਰਿਆ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲਗਪਗ 80 ਤੋਂ 90 ਬੰਗਲਾਦੇਸ਼ੀ ਪੱਤਰਕਾਰਾਂ ਨੇ ਮਾਨਤਾ ਲਈ ਅਪਲਾਈ ਕੀਤਾ ਸੀ, ਪਰ ਸੂਤਰਾਂ ਅਨੁਸਾਰ ਜੇਕਰ ਉਨ੍ਹਾਂ ਦੀ ਟੀਮ ਭਾਰਤ ਵਿੱਚ ਖੇਡ ਰਹੀ ਹੁੰਦੀ ਤਾਂ ਵੀ ਸਾਰੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ ਸਨ। ਦੇਸ਼ ਦੇ ਕੋਟੇ ਮੁਤਾਬਕ ਅਰਜ਼ੀਆਂ ਦੀ ਗਿਣਤੀ 40 ਤੋਂ ਵੱਧ ਨਹੀਂ ਹੋ ਸਕਦੀ। ਹੁਣ ਬੰਗਲਾਦੇਸ਼ੀ ਪੱਤਰਕਾਰਾਂ ਨੂੰ ਮਾਨਤਾ ਲਈ ਦੁਬਾਰਾ ਅਪਲਾਈ ਕਰਨਾ ਪਵੇਗਾ। ਦੂਜੇ ਪਾਸੇ, ਢਾਕਾ ਵਿੱਚ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਤਰਜਮਾਨ ਅਮਜਦ ਹੁਸੈਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਆਈ ਸੀ ਸੀ ਕੋਲ ਉਠਾਇਆ ਹੈ ਤੇ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਦੱਸਣਾ ਬਣਦਾ ਹੈ ਕਿ ਆਈ ਸੀ ਸੀ ਅਨੁਸਾਰ ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਵਿੱਚ ਕੋਈ ਖਤਰਾ ਨਹੀਂ ਸੀ, ਫਿਰ ਵੀ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੀ ਟੀਮ ਨੂੰ ਭਾਰਤ ਵਿੱਚ ਨਾ ਭੇਜਣ ਦਾ ਫੈਸਲਾ ਕੀਤਾ ਹੈ।

Advertisement
Advertisement
×