ਟੀ-20 ਵਿਸ਼ਵ ਕੱਪ ’ਚੋਂ ਬੰਗਲਾਦੇਸ਼ ਬਾਹਰ, ਸਕਾਟਲੈਂਡ ਨੂੰ ਮੌਕਾ ਮਿਲਿਆ
ਆਈ ਸੀ ਸੀ ਨੇ ਬੀ ਸੀ ਬੀ ਨੂੰ ਅਧਿਕਾਰਤ ਤੌਰ ’ਤੇ ਸੂਚਿਤ ਕੀਤਾ; ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ਆਉਣ ਤੋਂ ਕੀਤਾ ਸੀ ਇਨਕਾਰ
ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਆਗਾਮੀ ਟੀ-20 ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਨੂੰ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਹੈ। ਆਈ ਸੀ ਸੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਨੂੰ ਇਸ ਬਾਰੇ ਅਧਿਕਾਰਤ ਤੌਰ ’ਤੇ ਈਮੇਲ ਰਾਹੀਂ ਸੂਚਿਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਮੁਸਤਫਿਜ਼ੁਰ ਰਹਿਮਾਨ ਨੂੰ ਆਈ ਪੀ ਐੱਲ ’ਚੋਂ ਹਟਾਏ ਜਾਣ ਮਗਰੋਂ ‘ਸੁਰੱਖਿਆ ਕਾਰਨਾਂ’ ਦਾ ਹਵਾਲਾ ਦਿੰਦਿਆਂ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਕ ਆਈ ਸੀ ਸੀ ਦੇ ਚੇਅਰਮੈਨ ਜੈ ਸ਼ਾਹ ਸਮੇਤ ਉੱਚ ਅਧਿਕਾਰੀ ਸ਼ੁੱਕਰਵਾਰ ਨੂੰ ਦੁਬਈ ਵਿੱਚ ਸਨ ਅਤੇ ਦੇਰ ਸ਼ਾਮ ਬੀ ਸੀ ਬੀ ਦੇ ਚੇਅਰਮੈਨ ਅਮੀਨੁਲ ਇਸਲਾਮ ਬੁਲਬੁਲ ਨੂੰ ਈਮੇਲ ਭੇਜ ਕੇ ਇਸ ਫੈਸਲੇ ਬਾਰੇ ਦੱਸਿਆ ਗਿਆ। ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੰਗਲਾਦੇਸ਼ ਬੋਰਡ ਨੂੰ ਫੈਸਲਾ ਕਰਨ ਲਈ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਅਧਿਕਾਰਤ ਜਵਾਬ ਨਹੀਂ ਦਿੱਤਾ।
ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਸਰਕਾਰ ਦੇ ਖੇਡ ਸਲਾਹਕਾਰ ਆਸਿਫ਼ ਨਜ਼ਰੁਲ ਨੇ ਸੁਰੱਖਿਆ ਭਰੋਸੇ ਦੇ ਬਾਵਜੂਦ ਇਕਪਾਸੜ ਫੈਸਲਾ ਲੈਂਦਿਆਂ ਟੀਮ ਭੇਜਣ ਤੋਂ ਇਨਕਾਰ ਕੀਤਾ ਸੀ। ਦੂਜੇ ਪਾਸੇ, ਕ੍ਰਿਕਟ ਸਕਾਟਲੈਂਡ ਨੇ ਭਾਵੇਂ ਅਧਿਕਾਰਤ ਪੁਸ਼ਟੀ ਮਿਲਣ ਤੋਂ ਇਨਕਾਰ ਕੀਤਾ ਹੈ ਪਰ ਜਲਦੀ ਹੀ ਉਨ੍ਹਾਂ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਨਵੇਂ ਪ੍ਰੋਗਰਾਮ ਤਹਿਤ ਸਕਾਟਲੈਂਡ ਦੀ ਟੀਮ 7 ਫਰਵਰੀ ਨੂੰ ਵੈਸਟਇੰਡੀਜ਼, 9 ਫਰਵਰੀ ਨੂੰ ਇਟਲੀ ਅਤੇ 14 ਫਰਵਰੀ ਨੂੰ ਇੰਗਲੈਂਡ ਵਿਰੁੱਧ ਕੋਲਕਾਤਾ ਵਿੱਚ ਮੈਚ ਖੇਡੇਗੀ।

