Badminton: ਤੀਸਤਾ-ਗਾਇਤਰੀ ਦੀ ਜੋੜੀ ਪ੍ਰੀ-ਕੁਆਰਟਰਜ਼ ’ਚ
ੳੁੱਨਤੀ ਹੁੱਡਾ ਦੂਜੇ ਗੇਡ਼ ’ਚ ਪਹੁੰਚੀ; ਮਿਕਸਡ ਡਬਲਜ਼ ’ਚ ਭਾਰਤ ਦਾ ਨਿਰਾਸ਼ਾ ਵਾਲਾ ਪ੍ਰਦਰਸ਼ਨ
ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਗ਼ੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਅੱਜ ਇੱਥੇ ਬੀ ਡਬਲਿਊ ਐੱਫ ਆਲਮੀ ਬੈਡਮਿੰਟਨ ਚੈਂਪੀਅਨਸ਼ਿਪ ’ਚ ਅਮਰੀਕਾ ਦੀ ਲੌਰੇਨ ਲਾਮ ਅਤੇ ਐਲੀਸਲ ਕਿਨ ਦੀ 16ਵੇਂ ਨੰਬਰ ਦੀ ਜੋੜੀ ਨੂੰ ਹਰਾ ਕੇ ਦੇ ਮਹਿਲਾ ਡਬਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਤਰੀਸਾ ਤੇ ਗਾਇਤਰੀ ਨੇ ਸਿਰਫ 38 ਮਿੰਟਾਂ ਵਿੱਚ ਹੀ ਵਿਰੋਧੀ ਜੋੜੀ ਨੂੰ 21-15, 21-12 ਨਾਲ ਹਰਾ ਕੇ ਅਗਲੇ ਗੇੜ ’ਚ ਕਦਮ ਰੱਖਿਆ। ਇਸ ਭਾਰਤੀ ਜੋੜੀ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਤੇ ਵਿਰੋਧੀ ਖਿਡਾਰਨਾਂ ਦੀਆਂ ਗਲਤੀਆਂ ਦਾ ਫਾਇਦਾ ਚੁੱਕਦਿਆਂ ਮੈਚ ਆਪਣੇ ਨਾਮ ਕਰ ਲਿਆ। ਇਸ ਦੌਰਾਨ ਕਵੀਪ੍ਰਿਆ ਸੇਲਵਮ ਤੇ ਸਿੰਘੀ ਨੂੰ ਦੂਜੇ ਗੇੜ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਭਾਰਤੀ ਜੋੜੀ ਨੂੰ ਬੁਲਗਾਰੀਆ ਦੀ ਗੈਬਰੀਏਲਾ ਸਟੋਈਵਾ ਅਤੇ ਸਟੈਫਨੀ ਸਟੋਈਵਾ ਦੀ ਜੋੜੀ ਨੇ ਮਹਿਜ਼ 32 ਮਿੰਟਾਂ ਵਿੱਚ ਹੀ 21-7, 21-14 ਨਾਲ ਹਰਾ ਦਿੱਤਾ।ਮਿਕਸਡ ਡਬਲਜ਼ ਵਿੱਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਜਿੱਥੇ ਰੋਹਨ ਕਪੂਰ ਤੇ ਰੁਤਵਿਕਾ ਸ਼ਿਵਾਨੀ ਗੱਡੇ ਅਤੇ ਅਮਿਤ ਸੂਰਿਆ ਤੇ ਅਮ੍ਰਿਤਾ ਪ੍ਰਮੁਥੇਸ਼ ਦੀਆਂ ਜੋੜੀਆਂ ਪਹਿਲੇ ਗੇੜ ਵਿੱਚ ਹੀ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈਆਂ। ਭਾਰਤ ਦੇ ਧਰੁਵ ਕਪਿਲਾ ਤੇ ਤਨੀਸ਼ਾ ਕਰਾਸਟੋ ਦੀ ਜੋੜੀ ਹਾਲੇ ਮੁਕਾਬਲੇ ’ਚ ਬਣੀ ਹੋਈ ਹੈ। ਇਸ ਜੋੜੀ ਨੂੰ ਪਹਿਲੇ ਗੇੜ ’ਚ ਬਾਈ ਮਿਲੀ ਸੀ ਤੇ ਦੂਜੇ ਗੇੜ ’ਚ ਉਸ ਦਾ ਮੁਕਾਬਲੇ ਮਕਾਓ ਦੇ ਇਓਕ ਚੋਂਗ ਲਿਓਂਗ ਤੇ ਵੈਂਗ ਚੀ ਐੱਨਜੀ ਦੀ ਜੋੜੀ ਨਾਲ ਹੋਵੇਗਾ। ਇਸੇ ਦੌਰਾਨ ਉੱਭਰਦੀ ਖ਼ਿਡਾਰਨ ਉੱਨਤੀ ਹੁੱਡਾ ਨੇ ਮਿਆਂਮਾਰ ਦੀ ਥੈਟ ਹਤਾਰ ਨੂੰ 22-20, 21-16 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਮੁਕਾਬਲਾ ਕੈਨੇਡਾ ਦੀ ਮਿਸ਼ੇਲ ਲੀ ਨਾਲ ਹੋਵੇਗਾ।

