Advertisement
ਇੱਥੇ ਖੇਡੇ ਗਏ ਗੁਹਾਟੀ ਮਾਸਟਰਜ਼ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਭਾਰਤ ਦੇ ਸੰਸਕਾਰ ਸਾਰਸਵਤ ਨੇ ਹਮਵਤਨ ਮਿਥੁਨ ਮੰਜੂਨਾਥ ਨੂੰ ਹਰਾ ਕੇ ਆਪਣਾ ਪਹਿਲਾ ਸੁਪਰ 100 ਖਿਤਾਬ ਜਿੱਤਿਆ ਹੈ। ਜੋਧਪੁਰ ਦੇ 19 ਸਾਲਾ ਖਿਡਾਰੀ ਨੇ 50 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਸਾਬਕਾ ਕੌਮੀ ਚੈਂਪੀਅਨ ਮੰਜੂਨਾਥ ਨੂੰ 21-11, 17-21 ਤੇ 21-13 ਨਾਲ ਹਰਾਇਆ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਵਿੱਚ ਚਾਂਦੀ ਦਾ ਤਗ਼ਮਾ ਤਨਵੀ ਸ਼ਰਮਾ ਨੇ ਹਾਸਲ ਕੀਤਾ ਹੈ। ਤਨਵੀ ਨੇ ਫਾਈਨਲ ਵਿੱਚ ਚੀਨੀ ਤਾਈਪੇ ਦੀ ਤੁੰਗ ਸਿਓ-ਟੋਂਗ ਤੋਂ 18-21 ਤੇ 18-21 ਨਾਲ ਹਾਰਨ ਮਗਰੋਂ ਦੂਜਾ ਸਥਾਨ ਹਾਸਲ ਕੀਤਾ। ਪੰਜਾਬ ਦੀ 16 ਸਾਲਾ ਖਿਡਾਰਨ ਪਿਛਲੇ ਹਫ਼ਤੇ ਸਈਦ ਮੋਦੀ ਇੰਟਰਨੈਸ਼ਨਲ ਸੁਪਰ 300 ਦੇ ਸੈਮੀਫਾਈਨਲ ਵਿੱਚ ਪਹੁੰਚੀ ਸੀ। ਪੁਰਸ਼ ਡਬਲਜ਼ ਵਿੱਚ ਪ੍ਰਿਥਵੀ ਕ੍ਰਿਸ਼ਨਾਮੂਰਤੀ ਰੌਏ ਅਤੇ ਸਾਈ ਪ੍ਰਤੀਕ ਦੀ ਭਾਰਤੀ ਜੋੜੀ ਮਲੇਸ਼ੀਆ ਦੇ ਕਾਂਗ ਖਾਈ ਜ਼ਿੰਗ ਤੇ ਆਰੋਨ ਤਾਈ ਤੋਂ 13-21 ਤੇ 18-21 ਨਾਲ ਹਾਰਨ ਮਗਰੋਂ ਦੂਜੇ ਸਥਾਨ ’ਤੇ ਰਹੀ। -ਪੀਟੀਆਈ
Advertisement
Advertisement
×

