DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਡਮਿੰਟਨ ਦੀ ਮਹਾਰਾਣੀ ਸਾਇਨਾ ਨੇਹਵਾਲ

ਪ੍ਰਿੰ. ਸਰਵਣ ਸਿੰਘ ਸਾਇਨਾ ਨੇਹਵਾਲ ਹਰਿਆਣੇ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ। ਹਿਸਾਰ ਦੀ ਜੰਮੀ ਜਾਈ ਤੇ ਹੈਦਰਾਬਾਦ ਦੀ ਪਾਲ਼ੀ ਪੋਸੀ। ਉਸ ਨੇ ਬੈਡਮਿੰਟਨ ਦੀ ਖੇਡ ’ਚ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਅਤੇ ਭਾਰਤੀ ਔਰਤਾਂ ਲਈ ਬੈਡਮਿੰਟਨ ਦੀ ਖੇਡ...

  • fb
  • twitter
  • whatsapp
  • whatsapp
Advertisement
ਪ੍ਰਿੰ. ਸਰਵਣ ਸਿੰਘ

ਸਾਇਨਾ ਨੇਹਵਾਲ ਹਰਿਆਣੇ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ। ਹਿਸਾਰ ਦੀ ਜੰਮੀ ਜਾਈ ਤੇ ਹੈਦਰਾਬਾਦ ਦੀ ਪਾਲ਼ੀ ਪੋਸੀ। ਉਸ ਨੇ ਬੈਡਮਿੰਟਨ ਦੀ ਖੇਡ ’ਚ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਅਤੇ ਭਾਰਤੀ ਔਰਤਾਂ ਲਈ ਬੈਡਮਿੰਟਨ ਦੀ ਖੇਡ ਦੇ ਨਵੇਂ ਦਰ ਖੋਲ੍ਹੇ। ਪੀ ਵੀ ਸਿੰਧੂ ਵਰਗੀਆਂ ਖਿਡਾਰਨਾਂ ਉਹਦੇ ਨਕਸ਼ੇ ਕਦਮ ’ਤੇ ਚੱਲੀਆਂ, ਜੋ ਓਲੰਪਿਕ ਖੇਡਾਂ ਦੇ ਮੈਡਲ ਜਿੱਤਣ ਤੱਕ ਪੁੱਜੀਆਂ। ਉਹ ਭਾਰਤ, ਏਸ਼ੀਆ ਤੇ ਰਾਸ਼ਟਰਮੰਡਲ ਮੁਲਕਾਂ ਦੀ ਬੈਡਮਿੰਟਨ ਚੈਂਪੀਅਨ ਬਣਨ ਸਦਕਾ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਐਲਾਨੀ ਗਈ। ਭਾਰਤ ਦੀ ਉਹ ਪਹਿਲੀ ਲੜਕੀ ਹੈ, ਜਿਸ ਨੇ ਜੂਨੀਅਰ ਨੈਸ਼ਨਲ ਖੇਡਾਂ, ਸੀਨੀਅਰ ਨੈਸ਼ਨਲ ਖੇਡਾਂ, ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ, ਓਲੰਪਿਕ ਖੇਡਾਂ, ਉਬੇਰ ਕੱਪ, ਏਸ਼ੀਅਨ ਚੈਂਪੀਅਨਸ਼ਿਪਾਂ, ਵਰਲਡ ਚੈਂਪੀਅਨਸ਼ਿਪਾਂ ਤੇ ਕਾਮਨਵੈਲਥ ਯੂਥ ਚੈਂਪੀਅਨਸ਼ਿਪਾਂ ’ਚ ਮੈਡਲ ਜਿੱਤੇ ਅਤੇ ਸੁਪਰ ਸੀਰੀਜ਼ ਦੇ ਖ਼ਿਤਾਬ ਹਾਸਲ ਕੀਤੇ। ਉਹ ਵੀਹ ਸਾਲ ਬੈਡਮਿੰਟਨ ਖੇਡੀ। ਉਸ ਨੇ 10 ਸੁਪਰ ਸੀਰੀਜ਼ ਖ਼ਿਤਾਬਾਂ ਸਮੇਤ ਵਿਸ਼ਵ ਦੇ 24 ਵੱਡੇ ਮੁਕਾਬਲੇ ਜਿੱਤੇ।

Advertisement

ਉਸ ਨੇ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਗ਼ਮਾ, ਵਿਸ਼ਵ ਚੈਂਪੀਅਨਸ਼ਿਪਾਂ ’ਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਅਤੇ ਰਾਸ਼ਟਰਮੰਡਲ ਖੇਡਾਂ ’ਚ ਇੱਕ ਚਾਂਦੀ, ਇੱਕ ਕਾਂਸੀ ਤੇ ਤਿੰਨ ਸੋਨੇ ਦੇ ਤਗ਼ਮੇ ਜਿੱਤੇ। ਏਸ਼ਿਆਈ ਖੇਡਾਂ ’ਚ ਦੋ ਕਾਂਸੀ ਦੇ ਤਗ਼ਮੇ, ਉਬੇਰ ਕੱਪਾਂ ਵਿੱਚ ਵੀ ਦੋ ਕਾਂਸੀ ਦੇ ਤਗ਼ਮੇ, ਏਸ਼ੀਅਨ ਚੈਂਪੀਅਨਸ਼ਿਪਾਂ ’ਚ ਤਿੰਨ ਕਾਂਸੀ ਦੇ ਤਗ਼ਮੇ, ਵਿਸ਼ਵ ਜੂਨੀਅਰ ਚੈਂਪੀਅਨਸ਼ਿਪਾਂ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਗ਼ਮਾ ਅਤੇ ਰਾਸ਼ਟਰਮੰਡਲ ਯੂਥ ਚੈਂਪੀਅਨਸ਼ਿਪਾਂ ’ਚ ਇੱਕ ਸੋਨੇ ਤੇ ਇੱਕ ਕਾਂਸੀ ਦੇ ਤਗ਼ਮੇ ਜਿੱਤੇ। ਪ੍ਰੋਫੈਸ਼ਨਲ ਮੁਕਾਬਲਿਆਂ ’ਚ ਉਸ ਨੇ ਬੀ ਡਬਲਯੂ ਐੱਫ ਵਿਸ਼ਵ ਟੂਰ ਦਾ ਇੱਕ ਖ਼ਿਤਾਬ, ਬੀ ਡਬਲਯੂ ਐੱਫ ਸੁਪਰ ਸੀਰੀਜ਼ ਦੇ 10 ਖ਼ਿਤਾਬ, ਬੀ ਡਬਲਯੂ ਐੱਫ ਗ੍ਰਾਂ ਪ੍ਰੀ ਦੇ ਵੀ 10 ਖ਼ਿਤਾਬ ਅਤੇ ਇੰਟਰਨੈਸ਼ਨਲ ਚੈਲੰਜ ਕੱਪ ਦੇ ਦੋ ਖ਼ਿਤਾਬ ਜਿੱਤੇ। 2002 ਤੋਂ ਭਾਰਤ ਦੇ ਸਬ ਜੂਨੀਅਰ ਤੋਂ ਲੈ ਕੇ ਸੀਨੀਅਰ ਨੈਸ਼ਨਲ ਖੇਡਾਂ ਦੇ ਮੁਕਾਬਲਿਆਂ ’ਚ ਭਾਗ ਲੈਂਦਿਆਂ 14 ਨੈਸ਼ਨਲ ਟਾਈਟਲ ਹਾਸਲ ਕੀਤੇ। ਜੇ ਉਸ ਨੂੰ 28 ਸਾਲ ਦੀ ਉਮਰੇ ਗੋਡੇ ਦੀ ਸੱਟ ਨਾ ਲੈ ਬਹਿੰਦੀ ਤਾਂ ਪਤਾ ਨਹੀਂ ਉਹ ਕਿੰਨੇ ਹੋਰ ਮੈਡਲ ਜਿੱਤਦੀ। ਹੁਣ ਉਹ ਮੁਕਾਬਲੇ ਦੀ ਖੇਡ ਤੋਂ ਮੁਕੰਮਲ ਤੌਰ ’ਤੇ ਰਿਟਾਇਰ ਹੈ।

Advertisement

ਸਾਇਨਾ ਦੀਆਂ ਖੇਡ ਪ੍ਰਾਪਤੀਆਂ ਦਾ ਸਨਮਾਨ ਕਰਦਿਆਂ ਭਾਰਤ ਸਰਕਾਰ ਨੇ ਉਸ ਨੂੰ ਅਰਜਨ ਐਵਾਰਡ, ਧਿਆਨ ਚੰਦ ਖੇਲ ਰਤਨ ਐਵਾਰਡ, ਪਦਮ ਸ੍ਰੀ ਤੇ ਪਦਮ ਭੂਸ਼ਨ ਦੇ ਪੁਰਸਕਾਰ ਦਿੱਤੇ।

ਉਸ ਦਾ ਜਨਮ 17 ਮਾਰਚ 1990 ਨੂੰ ਹਰਿਆਣੇ ਦੇ ਸ਼ਹਿਰ ਹਿਸਾਰ ਵਿੱਚ ਪਿਤਾ ਹਰਵੀਰ ਸਿੰਘ ਨੇਹਵਾਲ ਅਤੇ ਮਾਤਾ ਊਸ਼ਾ ਰਾਣੀ ਦੇ ਘਰ ਹੋਇਆ। ਉਸ ਦੀ ਇੱਕ ਵੱਡੀ ਭੈਣ ਹੈ। ਉਸ ਦਾ ਪਿਤਾ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿੱਚ ਨੌਕਰੀ ਕਰਦਾ ਸੀ। ਉਹ ਖੇਤੀਬਾੜੀ ਵਿਗਿਆਨ ਦਾ ਪੀਐੱਚ ਡੀ ਹੈ। ਉਸ ਦੀ ਪਤਨੀ ਊਸ਼ਾ ਰਾਣੀ ਸਟੇਟ ਪੱਧਰ ਦੀ ਬੈਡਮਿੰਟਨ ਖਿਡਾਰਨ ਸੀ। ਦੋਵੇਂ ਖ਼ੁਦ ਬੈਡਮਿੰਟਨ ਖੇਡਦੇ ਸਨ। ਉਨ੍ਹਾਂ ਦੇ ਮਨ ਵਿੱਚ ਸੀ ਕਿ ਧੀਆਂ ਨੂੰ ਨੈਸ਼ਨਲ ਪੱਧਰ ਦੀਆਂ ਬੈਡਮਿੰਟਨ ਖਿਡਾਰਨਾਂ ਬਣਾਈਏ। ਵੱਡੀ ਧੀ ਦੀ ਰੁਚੀ ਵਾਲੀਬਾਲ ਵੱਲ ਸੀ ਤੇ ਉਹ ਵੱਡੀ ਹੋ ਕੇ ਮਾਡਲਿੰਗ ’ਚ ਚਲੀ ਗਈ।

ਸਾਇਨਾ ਅੱਠ ਸਾਲ ਦੀ ਉਮਰ ਤੱਕ ਹਿਸਾਰ ’ਚ ਪੜ੍ਹੀ। 1998 ਵਿੱਚ ਪਿਤਾ ਦੀ ਬਦਲੀ ਹੈਦਰਾਬਾਦ ਹੋ ਜਾਣ ਕਰ ਕੇ ਖੇਡਾਂ ਖਿਡਾਰੀਆਂ ਦੇ ਸ਼ਹਿਰ ਹੈਦਰਾਬਾਦ ਚਲੀ ਗਈ। ਉੱਥੇ ਲਾਅਨ ਟੈਨਿਸ ਦੀ ਖਿਡਾਰਨ ਸਾਨੀਆ ਮਿਰਜ਼ਾ ਦਾ ਨਾਂ ਬੜਾ ਚਰਚਿਤ ਸੀ। ਸਾਨੀਆ ਤੇ ਸਾਇਨਾ ਦੇ ਨਾਂ ਮਿਲਦੇ ਜੁਲਦੇ ਹੀ ਹਨ। ਹੈਦਰਾਬਾਦ ’ਚ ਹੀ ਬੈਡਮਿੰਟਨ ਦਾ ਪ੍ਰਸਿੱਧ ਖਿਡਾਰੀ ਫੁਲੇਲਾ ਗੋਪੀਚੰਦ ਅਕੈਡਮੀ ਚਲਾ ਰਿਹਾ ਸੀ। ਉਹ ਗੋਪੀਚੰਦ ਦੀ ਸ਼ਿਸ਼ ਬਣ ਗਈ, ਜਿਸ ਨੇ ਸਾਇਨਾ ਨੂੰ ਵਿਸ਼ਵ ਦੀ ਸਰਬੋਤਮ ਖਿਡਾਰਨ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ। ਹੈਦਰਾਬਾਦ ਦੀ ਵਸਨੀਕ ਹੋਣ ਦੇ ਬਾਵਜੂਦ ਘਰ ’ਚ ਉਹ ਹਰਿਆਣਵੀ ਹੀ ਬੋਲਦੀ ਹੈ। 1998 ਵਿੱਚ ਪਿਤਾ ਨੇ ਉਸ ਨੂੰ ਕਰਾਟੇ ਦੀ ਕਲਾਸ ਵਿੱਚ ਦਾਖ਼ਲਾ ਦਿਵਾ ਦਿੱਤਾ ਸੀ। ਇੱਕ ਸਾਲ ਦਾ ਕਰਾਟੇ ਕੋਰਸ ਕਰ ਕੇ ਉਹ ਮੁਕੰਮਲ ਤੌਰ ’ਤੇ ਬੈਡਮਿੰਟਨ ਵੱਲ ਖਿੱਚੀ ਗਈ, ਜੋ ਉਹਦੇ ਮਾਪਿਆਂ ਦਾ ਰੀਝ ਸੀ।

ਉਸ ਦਾ ਪਿਤਾ ਸਵੇਰੇ ਉਸ ਨੂੰ 25 ਕਿਲੋਮੀਟਰ ਦੂਰ ਪ੍ਰੈਕਟਿਸ ਕਰਨ ਲਿਜਾਂਦਾ। ਇਹ ਸਫ਼ਰ ਸੌਖਾ ਨਹੀਂ ਸੀ ਕਿਉਂਕਿ ਉਸ ਨੂੰ ਵੀ ਨੌਕਰੀ ’ਤੇ ਸਮੇਂ ਸਿਰ ਜਾਣਾ ਪੈਂਦਾ ਸੀ। ਸਾਇਨਾ ਜਿੱਥੇ ਮਿਹਨਤੀ ਕੁੜੀ ਸੀ, ਉੱਥੇ ਕੁਝ ਜ਼ਿੱਦੀ ਸੁਭਾਅ ਦੀ ਵੀ ਸੀ। ਉਹ ਆਪਣੀ ਗੱਲ ਪੁਗਾ ਕੇ ਹਟਦੀ ਸੀ। ਉਸ ਨੇ ਸੇਂਟ ਐਨਜ਼ ਕਾਲਜ ਫਾਰ ਵਿਮੈਨ ਤੋਂ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ। ਤਦ ਤੱਕ ਉਹ ਜੂਨੀਅਰ ਨੈਸ਼ਨਲ ਚੈਂਪੀਅਨ ਬਣ ਚੁੱਕੀ ਸੀ ਤੇ ਉਸ ਨੂੰ ਖੇਡ ਵਜ਼ੀਫ਼ੇ ਮਿਲਣ ਲੱਗ ਪਏ ਸਨ।

ਉਸ ਨੂੰ ਬੈਡਮਿੰਟਨ ਦੀ ਮੁੱਢਲੀ ਕੋਚਿੰਗ ਲਾਲ ਬਹਾਦਰ ਸਟੇਡੀਅਮ ਹੈਦਰਾਬਾਦ ਵਿੱਚ ਕੋਚ ਨਾਨੀ ਪ੍ਰਸ਼ਾਦ ਤੋਂ ਮਿਲੀ। ਉਸ ਪਿੱਛੋਂ ਸਾਇਨਾ ਨੇ ਸਈਅਦ ਮੋਦੀ ਆਰਿਫ਼ ਤੋਂ ਕੋਚਿੰਗ ਹਾਸਲ ਕੀਤੀ, ਜੋ ਦਰੋਣਾਚਾਰੀਆ ਐਵਾਰਡੀ ਕੋਚ ਸੀ। ਪਿਤਾ ਸਵੇਰੇ ਪੰਜ ਵਜੇ ਉਸ ਨੂੰ ਸਕੂਟਰ ’ਤੇ ਸਟੇਡੀਅਮ ਲਿਜਾਂਦਾ। ਇਹ ਉਹਦੀ ਨਿੱਤ ਦੀ ਭਗਤੀ ਸੀ। ਸਾਇਨਾ ਰਾਤ ਨੂੰ ਸਕੂਲ ਦਾ ਕੰਮ ਮੁਕਾ ਕੇ ਸੌਂਦੀ ਤੇ ਤੜਕੇ ਅਲਾਰਮ ਨਾਲ ਜਾਗ ਕੇ ਸਮੇਂ ਸਿਰ ਸਟੇਡੀਅਮ ਪੁੱਜ ਜਾਂਦੀ। ਉਸ ਨੇ ਆਪਣੀ ਮਾਂ ਦੇ ਨੈਸ਼ਨਲ ਚੈਂਪੀਅਨ ਬਣਨ ਦੇ ਅਧੂਰੇ ਰਹਿ ਗਏ ਸੁਫ਼ਨੇ ਨੂੰ ਪੂਰਾ ਕਰਨ ਦਾ ਪ੍ਰਣ ਕਰ ਲਿਆ ਹੋਇਆ ਸੀ।

1998 ’ਚ ਅੰਡਰ-10 ਸਕੂਲੀ ਮੁਕਾਬਲਿਆਂ ’ਚ ਉਸ ਨੇ ਪਹਿਲੀ ਵਾਰ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਗ ਲਿਆ ਤੇ ਸਟੇਟ ਚੈਂਪੀਅਨਸ਼ਿਪ ਦੇ 4 ਟਾਈਟਲ ਜਿੱਤੇ, ਪਰ 1999 ਵਿੱਚ ਜਦੋਂ ਉਹ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਹਾਰੀ ਤਾਂ ਚਾਂਦੀ ਦਾ ਤਗ਼ਮਾ ਜਿੱਤਣ ਦੇ ਬਾਵਜੂਦ ਮਾਂ ਤੋਂ ਝਿੜਕਾਂ ਖਾਣੀਆਂ ਪਈਆਂ ਕਿ ਖੇਡਣ ’ਚ ਗ਼ਲਤੀਆਂ ਕਿਉਂ ਕੀਤੀਆਂ? 12 ਸਾਲ ਦੀ ਉਮਰੇ ਉਹ ਅੰਡਰ-13 ਸਬ ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ’ਚ ਸਿੰਗਲਜ਼ ਤੇ ਡਬਲਜ਼ ਦੋਵਾਂ ਦੀ ਨੈਸ਼ਨਲ ਚੈਂਪੀਅਨ ਬਣ ਗਈ। 2004 ਵਿੱਚ ਬੇਸ਼ੱਕ ਉਹ 14 ਸਾਲਾਂ ਦੀ ਸੀ, ਪਰ ਅੰਡਰ-19 ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚੋਂ ਸਿੰਗਲਜ਼ ਤੇ ਡਬਲਜ਼ ਦੇ ਦੋਵੇਂ ਖ਼ਿਤਾਬ ਜਿੱਤ ਗਈ। 2005 ’ਚ ਫਿਰ ਇਹੋ ਮੁਕਾਬਲੇ ਜਿੱਤੇ। ਤਿੰਨ ਵਾਰ ਦੀ ਚੈਂਪੀਅਨ ਸ਼ਹਿਨਾਜ਼ ਰਿਜ਼ਵੀ ਨੂੰ ਉਸ ਨੇ 11-0, 11-4 ਅੰਕਾਂ ਨਾਲ ਹਰਾਇਆ।

ਫਿਰ ਉਹ ਦਿਨ ਆ ਗਿਆ ਜਦੋਂ ਉਹ ਕੌਮਾਂਤਰੀ ਮੁਕਾਬਲਿਆਂ ’ਚ ਸ਼ਾਮਲ ਹੋਣ ਲੱਗੀ। 2006 ’ਚ ਉਸ ਨੇ ‘ਏਸ਼ੀਅਨ ਸੈਟੇਲਾਈਟ ਬੈਡਮਿੰਟਨ ਟੂਰਨਾਮੈਂਟ’ ਵਿੱਚ ਭਾਗ ਲਿਆ ਤੇ ਦੋ ਵਾਰ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ। ਮਈ 2006 ’ਚ 16 ਵਰ੍ਹਿਆਂ ਦੀ ਉਮਰੇ ਉਸ ਨੇ ‘ਫਿਲੀਪੀਨ ਓਪਨ’ ਜਿੱਤ ਕੇ ਏਸ਼ੀਆ ’ਚ ਬੱਲੇ-ਬੱਲੇ ਕਰਵਾ ਦਿੱਤੀ। ਉਸ ਵੇਲੇ ਉਹ ਏਸ਼ੀਆ ਦੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਖਿਡਾਰਨ ਸੀ।

2006 ਵਿੱਚ ਉਸ ਨੇ ਇੰਚੇਓਨ ਜੂਨੀਅਰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ’ਚ ਭਾਗ ਲਿਆ ਤੇ ਮਿਕਸਡ ਮੁਕਾਬਲਿਆਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਫਿਰ ਉਹ ਦੋਹਾ ਦੀਆਂ ਏਸ਼ਿਆਈ ਖੇਡਾਂ ਲਈ ਚੁਣੀ ਗਈ, ਜਿੱਥੇ ਉਸ ਨੇ ਪਹਿਲਾ ਮੈਚ ਜਿੱਤਿਆ ਤੇ ਦੂਜੇ ’ਚ ਹਾਰੀ। 2008 ਵਿੱਚ ਮਹਿਜ਼ 18 ਸਾਲ ਦੀ ਉਮਰੇ ਉਹ ਓਲੰਪੀਅਨ ਬਣ ਗਈ। ਇਹ ਪਹਿਲਾ ਮੌਕਾ ਸੀ ਕਿ ਭਾਰਤੀ ਕੁੜੀ ਨੇ ਓਲੰਪਿਕ ਖੇਡਾਂ ਵਿੱਚ ਚੰਗੀ ਕਰਾਗੁਜ਼ਾਰੀ ਦਿਖਾਈ।

ਫਿਰ ਉਸ ਨੇ ਇੰਡੋਨੇਸ਼ੀਆ ਓਪਨ ਜਿੱਤ ਕੇ ਪਹਿਲਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ ਤੇ ਲਗਾਤਾਰ ਤਿੰਨ ਸੁਪਰ ਸੀਰੀਜ਼ ਜਿੱਤਣ ਦੀ ਹੈਟ੍ਰਿਕ ਮਾਰੀ। ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਲੰਡਨ 2012 ਦੀਆਂ ਓਲੰਪਿਕ ਖੇਡਾਂ ’ਚੋਂ ਕਾਂਸੀ ਦਾ ਤਗ਼ਮਾ ਜਿੱਤਿਆ। ਉਦੋਂ ਉਹ ਜ਼ਬਰਦਸਤ ਫਾਰਮ ਵਿੱਚ ਸੀ। ਉੱਥੇ ਉਹ ਭਾਰਤ ਦੀ ਪਹਿਲੀ ਬੈਡਮਿੰਟਨ ਖਿਡਾਰਨ ਵਜੋਂ ਓਲੰਪਿਕ ਖੇਡਾਂ ਦੇ ਜਿੱਤ ਮੰਚ ’ਤੇ ਚੜ੍ਹੀ। 21 ਮਾਰਚ 2012 ਨੂੰ ਸਾਇਨਾ ਨੇ ਜਰਮਨੀ ਦੀ ਜੂਲੀਆਨਾ ਸ਼ੈਕ ਨੂੰ ਹਰਾ ਕੇ ਡੈਨਮਾਰਕ ਓਪਨ ਜਿੱਤ ਲਿਆ। 2013 ਵਿੱਚ ਉਹ ਆਲ ਇੰਗਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਪੁੱਜ ਗਈ, ਪਰ ਫਾਈਨਲ ਜਿੱਤਣ ਤੋਂ ਵਾਂਝੀ ਰਹਿ ਗਈ।

2014 ਦੇ ਪਹਿਲੇ ਮਹੀਨੇ ਸਾਇਨਾ ਇੰਡੀਅਨ ਓਪਨ ਗਰਾਂ ਪ੍ਰੀ ਗੋਲਡ ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜ ਗਈ, ਜਿੱਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਖਿਡਾਰਨ ਪੀ ਵੀ ਸਿੰਧੂ ਨੂੰ 21-18, 21-11 ਨਾਲ ਹਰਾ ਕੇ ਟਾਈਟਲ ਜਿੱਤਿਆ। 2014 ਵਿੱਚ ਇੰਚਓਨ ਦੀਆਂ ਏਸ਼ਿਆਈ ਖੇਡਾਂ ’ਚੋਂ ਉਸ ਨੇ ਪਹਿਲੀ ਵਾਰ ਕਾਂਸੀ ਦਾ ਮੈਡਲ ਜਿੱਤਿਆ, ਜੋ ਉਸ ਦੀ ਵੱਡੀ ਪ੍ਰਾਪਤੀ ਮੰਨੀ ਗਈ। 2015 ਵਿੱਚ ਸਾਇਨਾ ਨੇ ਇੱਕ ਵਾਰ ਫਿਰ ਸਈਅਦ ਮੋਦੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਅਤੇ ਹੋਰ ਵੀ ਕਈ ਅਹਿਮ ਜਿੱਤਾਂ ਹਾਸਲ ਕੀਤੀਆਂ, ਜਿਨ੍ਹਾਂ ਸਦਕਾ ਉਹ ਵਿਸ਼ਵ ਦੀ ਨੰਬਰ ਇੱਕ ਬੈਡਮਿੰਟਨ ਖਿਡਾਰਨ ਬਣੀ। ਇੰਜ ਵਿਸ਼ਵ ਦਰਜਾਬੰਦੀ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਬਣ ਗਈ। 2015 ਵਿੱਚ ਉਸ ਨੇ ਜਕਾਰਤਾ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚੋਂ ਪਹਿਲਾ ਤਗ਼ਮਾ ਜਿੱਤਿਆ। ਰੀਓ-2016 ਦੀਆਂ ਓਲੰਪਿਕ ਖੇਡਾਂ ਵਿੱਚ ਉਸ ਨੇ ਤੀਜੀ ਵਾਰ ਭਾਗ ਲਿਆ, ਪਰ ਗੋਡੇ ਦੀ ਸੱਟ ਕਾਰਨ ਉੱਥੇ ਕੋਈ ਮੈਡਲ ਨਾ ਜਿੱਤ ਸਕੀ। 2023 ’ਚ ਉਸ ਨੇ ਆਪਣੇ ਖੇਡ ਕਰੀਅਰ ਦੇ ਆਖ਼ਰੀ ਮੈਚ ਖੇਡੇ।

ਸਾਇਨਾ ਦਾ ਵਿਆਹ 14 ਦਸੰਬਰ 2018 ਨੂੰ ਬੈਡਮਿੰਟਨ ਦੇ ਖਿਡਾਰੀ ਪਰੂਪੱਲੀ ਕਸ਼ਯਪ ਨਾਲ ਹੋਇਆ। ਕਸ਼ਯਪ ਉਸ ਤੋਂ ਚਾਰ ਸਾਲ ਵੱਡਾ ਹੈ। ਦੋਵੇਂ ਬੈਡਮਿੰਟਨ ਅਕੈਡਮੀ ’ਚ ’ਕੱਠੇ ਕੋਚਿੰਗ ਲੈਂਦੇ ਰਹੇ। ਦੋਹਾਂ ਨੂੰ ’ਕੱਠਿਆਂ ਟੂਰ ਕਰਨ ਦੇ ਮੌਕੇ ਮਿਲਦੇ। ਇਸ ਦੌਰਾਨ ਉਨ੍ਹਾਂ ’ਚ ਦੋਸਤੀ ਹੋ ਗਈ ਸੀ, ਜੋ ਵਿਆਹ ਵਿੱਚ ਬਦਲ ਗਈ। ਕਸ਼ਯਪ ਚੁੱਪ ਕੀਤਾ ਹੈ ਤੇ ਸਾਇਨਾ ਗਾਲ੍ਹੜੀ। ਉਸ ਨੇ ਆਪਣੀ ਸਵੈ-ਜੀਵਨੀ ‘ਪਲੇਇੰਗ ਟੂ ਵਿਨ: ਮਾਈ ਲਾਈਫ ਔਨ ਐਂਡ ਔਫ ਕੋਰਟ’ 2012 ’ਚ ਛਪਵਾਈ ਸੀ। ਉਹਦੇ ਉੱਤੇ ਫਿਲਮ ਬਣ ਚੁੱਕੀ ਹੈ। ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਵਿੱਚ ਇੱਕ ਇੰਸਟੀਚਿਊਟ ਦਾ ਨਾਂ ਸਾਇਨਾ ਨੇਹਵਾਲ ਇੰਸਟੀਚਿਊਟ ਔਫ ਐਗਰੀਕਲਚਰਲ ਟੈਕਨਾਲੋਜੀ, ਟ੍ਰੇਨਿੰਗ ਐਂਡ ਐਜੂਕੇਸ਼ਨ ਰੱਖਿਆ ਗਿਆ ਹੈ।

ਈ-ਮੇਲ: principalsarwansingh@gmail.com

Advertisement
×