ਸ਼ੇਨਜ਼ੇਨ, 20 ਨਵੰਬਰ
ਭਾਰਤੀ ਸ਼ਟਲਰ ਐੱਚਐੱਸ ਪ੍ਰਣੌਏ ਸਣੇ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਭਲਕੇ ਇੱਥੇ ਸ਼ੁਰੂ ਹੋ ਰਹੇ ਸੈਸ਼ਨ ਦੇ ਆਖ਼ਰੀ ਬੀਡਬਲਿਊਐੱਫ ਸੁਪਰ 750 ਟੂਰਨਾਮੈਂਟ ਚੀਨ ਮਾਸਟਰਜ਼ ਤੋਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਦੌੜ ਵਿੱਚ ਜ਼ਰੂਰੀ ਰੈਂਕਿੰਗ ਅੰਕ ਜੁਟਾਉਣ ਦੀ ਉਮੀਦ ਹੋਵੇਗੀ। ਪਿੱਠ ਦੀ ਸੱਟ ਮਗਰੋਂ ਵਾਪਸੀ ਕਰਦਿਆਂ ਪ੍ਰਣੌਏ ਨੂੰ ਜਾਪਾਨ ਓਪਨ ਸੁਪਰ 500 ਦੇ ਦੂਜੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਇੱਥੇ ਪੁਰਸ਼ ਸਿੰਗਲਜ਼ ਵਿੱਚ ਇੱਕ ਵਾਰ ਮੁੜ ਸਿਖਰਲਾ ਭਾਰਤੀ ਖਿਡਾਰੀ ਹੋਵੇਗਾ। ਪ੍ਰਣੌਏ ਚੀਨੀ ਤਾਇਪੇ ਦੇ ਚਿਊ ਟਿਏਨ ਚੇਨ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਓਲੰਪਿਕ ਵਿੱਚ ਕੁਆਲੀਫਾਈ ਕਰਨ ਲਈ ਅਗਲੇ ਸਾਲ 28 ਅਪਰੈਲ ਤੱਕ ਸਿਖਰਲੇ 16 ਵਿੱਚ ਸ਼ਾਮਲ ਰਹਿਣ ਲਈ ਚੁਣੌਤੀ ਪੇਸ਼ ਕਰ ਰਹੇ ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਲਕਸ਼ੈ ਸੇਨ ਅਤੇ 23ਵੇਂ ਨੰਬਰ ਦੇ ਖਿਡਾਰੀ ਕਿਦਾਂਬੀ ਸ੍ਰੀਕਾਂਤ ਵੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਪਿਛਲੇ ਹਫ਼ਤੇ ਜਾਪਾਨ ਵਿੱਚ ਪਹਿਲੇ ਗੇੜ ਦੀ ਹਾਰ ਨੂੰ ਭੁਲਾ ਕੇ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗੀ। ਇਹ ਜੋੜੀ ਆਪਣੀ ਮੁਹਿੰਮ ਦੀ ਸ਼ੁਰੂਆਤ ਬੇਨ ਲੇਨ ਅਤੇ ਸੀਨ ਵੈਂਡੀ ਦੀ ਇੰਗਲੈਂਡ ਦੀ ਜੋੜੀ ਖ਼ਿਲਾਫ਼ ਕਰੇਗੀ।
ਮਹਿਲਾ ਡਬਲਜ਼ ਵਿੱਚ ਗਾਇਤਰੀ ਗੋਪੀਚੰਦ ਅਤੇ ਟਰੀਸਾ ਜੌਲੀ ਨੇ ਨਾਂ ਵਾਪਸ ਲੈ ਲਿਆ ਹੈ, ਜਦਕਿ ਇਸ ਵਰਗ ਵਿੱਚ ਰਿਤੂਪ੍ਰਣਾ ਤੇ ਸ਼ਵੇਤਾਪ੍ਰਣਾ ਚੁਣੌਤੀ ਪੇਸ਼ ਕਰਨਗੀਆਂ। ਮਹਿਲਾ ਸਿੰਗਲਜ਼ ਵਿੱਚ ਆਕਰਸ਼ੀ ਕਸ਼ਯਪ ਇਕਲੌਤੀ ਭਾਰਤੀ ਖਿਡਾਰਨ ਹੈ, ਜੋ ਚੀਨ ਦੀ ਜ਼ਾਂਗ ਯੀ ਮਾਨ ਨਾਲ ਭਿੜੇਗੀ। -ਪੀਟੀਆਈ