ਬੈਡਮਿੰਟਨ: ਲਕਸ਼ੈ ਜਾਪਾਨ ਮਾਸਟਰਜ਼ ਦੇ ਕੁਆਰਟਰ ’ਚ
ਕੁਮਾਮੋਤੋ ਮਾਸਟਰਜ਼ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਸਟਾਰ ਸ਼ਟਲਰ ਵਜੋਂ ਜਾਣੇ ਜਾਂਦੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੇਨ ਨੇ ਇੱਥੇ ਸਿੰਗਾਪੁਰ ਦੇ ਜੀਆ ਹੇਂਗ ਜੇਸਨ ਤੇਹ ’ਤੇ ਜਿੱਤ ਹਾਸਲ ਕੀਤੀ ਹੈ। ਟੂਰਨਾਮੈਂਟ ਵਿੱਚ ਐੱਚ ਐੱਸ ਪ੍ਰਣਯ ਦਾ ਸਫ਼ਰ ਦੂਜੇ ਦੌਰ ਵਿੱਚ ਹੀ ਖ਼ਤਮ ਹੋ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ 2021 ਦੇ ਕਾਂਸੀ ਤਗਮਾ ਜੇਤੂ ਸੇਨ ਨੇ 39 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਖਿਡਾਰੀ ਤੇਹ ਨੂੰ 21-13, 21-11 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਖਿਡਾਰੀ ਸੇਨ ਦਾ ਮੁਕਾਬਲਾ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਨਾਲ ਹੋਵੇਗਾ।
ਖੇਡ ਦੇ ਪਹਿਲੇ ਪੜ੍ਹਾਅ ਵਿੱਚ ਲਕਸ਼ੈ ਨੇ 8-5 ਦੀ ਲੀਡ ਬਣਾਈ ਹੋਈ ਸੀ। ਕੁਝ ਦੇਰ ਬਾਅਦ ਖਿਡਾਰੀ ਤੇਹ ਨੇ 10-9 ਨਾਲ ਲੀਡ ਹਾਸਲ ਕੀਤੀ। ਦੋਵਾਂ ਖਿਡਾਰੀਆਂ ਵਿਚਕਾਰ 14-13 ਤੱਕ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਬਾਅਦ ਵਿੱਚ ਲਕਸ਼ੈ ਨੇ ਲਗਾਤਾਰ ਸੱਤ ਅੰਕ ਬਣਾ ਕੇ ਜਿੱਤ ਹਾਸਲ ਕੀਤੀ। ਖੇਡ ਦੇ ਦੂਜੇ ਪੜਾਅ ਵਿੱਚ ਲਕਸ਼ੈ ਨੇ ਸ਼ੁਰੂ ਤੋਂ ਹੀ ਚੰਗਾ ਪ੍ਰਦਰਸ਼ਨ ਕੀਤਾ ਤੇ ਜਲਦ ਹੀ 5-0 ਦੀ ਲੀਡ ਬਣਾ ਲਈ। ਅੱਧ ਤੱਕ ਲਕਸ਼ੈ ਨੇ 11-3 ਦੀ ਬੜ੍ਹਤ ਬਣਾ ਕੇ ਰੱਖੀ। ਭਾਰਤੀ ਖਿਡਾਰੀ ਨੇ ਇਸ ਤੋਂ ਬਾਅਦ ਵੀ ਆਪਣੀ ਲੈਅ ਬਰਕਰਾਰ ਰੱਖੀ ਤੇ ਆਸਾਨੀ ਨਾਲ ਮੈਚ ਜਿੱਤ ਲਿਆ।
