ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਇੱਥੇ ਕੋਰਿਆਈ ਮਾਸਟਰਜ਼ ਸੁਪਰ 300 ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਬੀ ਡਬਲਿਊ ਐੱਫ ਵਿਸ਼ਵ ਟੂਰ ਦੇ ਸਿੰਗਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਵਿੱਚ 26 ਸਾਲਾ ਅਸ਼ਮਿਤਾ ਨੇ ਆਪਣੀ ਹੀ ਹਮਵਤਨ ਰਕਸ਼ਿਤਾ ਰਾਮਰਾਜ ਨੂੰ 21-13, 16-21, 21-13 ਨਾਲ ਹਰਾਇਆ।
ਗੋਡੇ ਦੀ ਸੱਟ ਕਾਰਨ ਤਿੰਨ ਮਹੀਨੇ ਖੇਡ ਤੋਂ ਦੂਰ ਰਹਿਣ ਮਗਰੋਂ ਅਸ਼ਮਿਤਾ ਨੇ ਸ਼ਾਨਦਾਰ ਵਾਪਸੀ ਕੀਤੀ। ਕੋਚ ਪਾਰਕ ਤਾਏ-ਸਾਂਗ ਤੋਂ ਸਿਖਲਾਈ ਲੈਣ ਵਾਲੀ ਵਿਸ਼ਵ ਦੀ 50ਵੇਂ ਨੰਬਰ ਦੀ ਖਿਡਾਰਨ ਹੁਣ ਫਾਈਨਲ ਵਿੱਚ ਚੀਨ ਦੀ ਹਾਨ ਕਿਆਨਸੀ ਨਾਲ ਭਿੜੇਗੀ। ਕਿਆਨਸੀ ਨੇ ਦੂਜੇ ਸੈਮੀਫਾਈਨਲ ਵਿੱਚ ਜਿੱਤ ਦਰਜ ਕੀਤੀ ਹੈ। ਭਾਰਤੀ ਖਿਡਾਰੀਆਂ ਦਾ ਇਸ ਸੀਜ਼ਨ ਵਿੱਚ ਇਹ ਲਗਾਤਾਰ ਦੂਜਾ ਬੀ ਡਬਲਿਊ ਐੱਫ ਫਾਈਨਲ ਹੈ। ਪਿਛਲੇ ਹਫ਼ਤੇ ਤਨਵੀ ਸ਼ਰਮਾ ਨੇ ਤੈਪਈ ਓਪਨ ਜਿੱਤਿਆ ਸੀ।
ਅੱਜ ਅਸ਼ਮਿਤਾ ਨੇ ਪਹਿਲੀ ਗੇਮ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ 21-13 ਨਾਲ ਜਿੱਤ ਦਰਜ ਕੀਤੀ। 19 ਸਾਲਾ ਰਕਸ਼ਿਤਾ ਨੇ ਦੂਜੀ ਗੇਮ ਵਿੱਚ ਵਾਪਸੀ ਕਰਦਿਆਂ 21-16 ਨਾਲ ਗੇਮ ਆਪਣੇ ਨਾਂ ਕੀਤੀ ਪਰ ਫ਼ੈਸਲਾਕੁਨ ਗੇਮ ਵਿੱਚ ਅਸ਼ਮਿਤਾ ਨੇ ਮੁੜ ਦਬਦਬਾ ਬਣਾਉਂਦਿਆਂ 9-1 ਦੀ ਲੀਡ ਲੈ ਲਈ। ਰਕਸ਼ਿਤਾ ਨੇ ਭਾਵੇਂ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਅਸ਼ਮਿਤਾ ਦੇ ਤਜਰਬੇ ਅੱਗੇ ਉਸ ਦੀ ਪੇਸ਼ ਨਾ ਚੱਲੀ। 48 ਮਿੰਟ ਚੱਲੇ ਇਸ ਮੁਕਾਬਲੇ ਵਿੱਚ ਅਸ਼ਮਿਤਾ ਤੀਜੀ ਗੇਮ 21-13 ਨਾਲ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈ।

