DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੀਨਿਆਈ ਹਾਕੀ ਦਾ ਸਿੱਖ ਜਰਨੈਲ ‘ਤਾਰੀ’

ਕੌਮੀ ਅਤੇ ਕੌਮਾਂਤਰੀ ਹਾਕੀ ਦੇ ਹਲਕਿਆਂ ਵਿੱਚ ‘ਤਾਰੀ’ ਦੇ ਨਾਮ ਨਾਲ ਮਸ਼ਹੂਰ ਅਵਤਾਰ ਸਿੰਘ ਸੋਹਲ ਇੱਕ ਅਜਿਹਾ ਨਾਮ ਹੈ, ਜਿਸ ਨੇ ਕੀਨੀਆ ਦੀ ਧਰਤੀ ’ਤੇ ਰਹਿ ਕੇ ਵਿਸ਼ਵ ਹਾਕੀ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ। ਬਾਈ ਮਾਰਚ 1938 ਨੂੰ ਕੀਨੀਆ...

  • fb
  • twitter
  • whatsapp
  • whatsapp
featured-img featured-img
ਅਵਤਾਰ ਸਿੰਘ ਤਾਰੀ ਤੇ ਗੋਲਡ ਮੈਡਲਿਸਟ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਯਾਦਗਾਰੀ ਤਸਵੀਰ।
Advertisement

ਕੌਮੀ ਅਤੇ ਕੌਮਾਂਤਰੀ ਹਾਕੀ ਦੇ ਹਲਕਿਆਂ ਵਿੱਚ ‘ਤਾਰੀ’ ਦੇ ਨਾਮ ਨਾਲ ਮਸ਼ਹੂਰ ਅਵਤਾਰ ਸਿੰਘ ਸੋਹਲ ਇੱਕ ਅਜਿਹਾ ਨਾਮ ਹੈ, ਜਿਸ ਨੇ ਕੀਨੀਆ ਦੀ ਧਰਤੀ ’ਤੇ ਰਹਿ ਕੇ ਵਿਸ਼ਵ ਹਾਕੀ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ। ਬਾਈ ਮਾਰਚ 1938 ਨੂੰ ਕੀਨੀਆ ਦੀ ਰਾਜਧਾਨੀ ਨੈਰੋਬੀ ਵਿਖੇ ਪਿਤਾ ਪਿਆਰਾ ਸਿੰਘ ਸੋਹਲ ਅਤੇ ਮਾਤਾ ਪ੍ਰਮੇਸ਼ਵਰੀ ਕੌਰ ਦੇ ਘਰ ਜਨਮੇ ਅਵਤਾਰ ਸਿੰਘ ਦੇ ਨਾਮ ਇੱਕ ਅਜਿਹਾ ਵਿਲੱਖਣ ਰਿਕਾਰਡ ਦਰਜ ਹੈ, ਜੋ ਅੱਜ ਵੀ ਦੁਨੀਆ ਦੇ ਵੱਡੇ-ਵੱਡੇ ਖਿਡਾਰੀਆਂ ਲਈ ਮਿਸਾਲ ਹੈ। ਅਵਤਾਰ ਸਿੰਘ ‘ਤਾਰੀ’ ਦੁਨੀਆ ਦਾ ਪਹਿਲਾ ਅਜਿਹਾ ਹਾਕੀ ਖਿਡਾਰੀ ਹੈ, ਜਿਸ ਨੂੰ ਲਗਾਤਾਰ ਤਿੰਨ ਓਲੰਪਿਕ ਖੇਡਾਂ ਵਿੱਚ ਕੀਨੀਆ ਦੀ ਕੌਮੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋਇਆ। ਇਹ ਆਪਣੇ ਆਪ ਵਿੱਚ ਓਲੰਪਿਕ ਰਿਕਾਰਡ ਹੈ।

ਖੇਡ ਸਫ਼ਰ ਦੀ ਸ਼ੁਰੂਆਤ: ਤਾਰੀ ਦੀ ਹਾਕੀ ਦਾ ਮੁੱਢ ਨੈਰੋਬੀ ਦੇ ਸਿਟੀ ਪ੍ਰਾਇਮਰੀ ਸਕੂਲ ਅਤੇ ਗਲੋਸਟਰ ਸਕੂਲ ਤੋਂ ਬੱਝਿਆ। ਤਾਰੀ ਨੂੰ ਆਪਣੀ ਪ੍ਰਤਿਭਾ ਸਦਕਾ ਮਹਿਜ਼ 19 ਸਾਲ ਦੀ ਉਮਰ ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲਿਆ। ਇਸ ਮੈਚ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਚੋਣਕਾਰਾਂ ਦਾ ਦਿਲ ਜਿੱਤ ਲਿਆ, ਜਿਸ ਸਦਕਾ ਉਹ ਰੋਮ 1960 ਓਲੰਪਿਕ ਲਈ ਚੁਣੀ ਗਈ ਕੀਨਿਆਈ ਟੀਮ ਦਾ ਹਿੱਸਾ ਬਣਿਆ। ਸਾਲ 1962 ਵਿੱਚ ਅਵਤਾਰ ਸਿੰਘ ਨੂੰ ਕੀਨਿਆਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਉਸ ਦੀ ਅਗਵਾਈ ਹੇਠ ਟੀਮ ਨੇ ਲਗਾਤਾਰ 10 ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਿੰਨ ਓਲੰਪਿਕ ਮੁਕਾਬਲਿਆਂ ਵਿੱਚ ਹਿੱਸਾ ਲਿਆ। 1971 ਦੇ ਬਾਰਸੀਲੋਨਾ ਵਿਸ਼ਵ ਕੱਪ ਵਿੱਚ ਉਸ ਨੇ ਕੀਨੀਆ ਦੀ ਨੁਮਾਇੰਦਗੀ ਕੀਤੀ। ਉਸ ਨੇ ਆਪਣੇ 15 ਸਾਲ ਲੰਮੇ ਕੌਮਾਂਤਰੀ ਕਰੀਅਰ (1957 ਤੋਂ 1972) ਦੌਰਾਨ ਰਿਕਾਰਡ 167 ਕੌਮਾਂਤਰੀ ਮੈਚ ਖੇਡੇ, ਜੋ ਕੀਨੀਆ ਵੱਲੋਂ ਇੱਕ ਵੱਡੀ ਉਪਲਬਧੀ ਹੈ।

Advertisement

ਅਵਤਾਰ ਸਿੰਘ ‘ਤਾਰੀ’ ਦਾ ਓਲੰਪਿਕ ਸਫ਼ਰ ਕੀਨਿਆਈ ਹਾਕੀ ਦੇ ਸੁਨਹਿਰੀ ਦੌਰ ਦੀ ਗਾਥਾ ਹੈ। ਆਪਣੇ ਪਹਿਲੇ ਹੀ ਓਲੰਪਿਕ (ਰੋਮ ਓਲੰਪਿਕ 1960) ਮੁਕਾਬਲਿਆਂ ਵਿੱਚ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਕੀਨੀਆ ਦੀ ਟੀਮ ਨੇ ਸੱਤਵਾਂ ਨੰਬਰ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਨੇ ਸੋਨੇ ਅਤੇ ਭਾਰਤ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਕੀਨੀਆ ਦੇ 16 ਮੈਂਬਰੀ ਦਸਤੇ ਵਿੱਚ ਤਾਰੀ ਸਮੇਤ 7 ਸਿੱਖ ਖਿਡਾਰੀ (ਜਗਨੰਦਨ ਸਿੰਘ, ਸੁਰਜੀਤ ਸਿੰਘ ਦਿਓਲ, ਸੁਰਜੀਤ ਸਿੰਘ ਪਨੇਸਰ, ਪ੍ਰੀਤਮ ਸਿੰਘ ਸੰਧੂ, ਕਿਰਪਾਲ ਸਿੰਘ ਭਾਰਦਵਾਜ ਅਤੇ ਗੁਰਸ਼ਰਨ ਸਿੰਘ ਸਹਿਮੀ) ਸ਼ਾਮਿਲ ਸਨ। ਟੋਕੀਓ ਓਲੰਪਿਕਸ (1964) ਵਿੱਚ ਅਵਤਾਰ ਸਿੰਘ ਤਾਰੀ ਨੇ ਇਤਿਹਾਸ ਸਿਰਜਿਆ, ਜਦੋਂ ਉਹ ਕੀਨੀਆ ਦੀ ਟੀਮ ਦੀ ਕਪਤਾਨੀ ਕਰਨ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ। ਉਸ ਦੀ ਅਗਵਾਈ ਹੇਠ ਟੀਮ ਨੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਦਿਆਂ ਛੇਵਾਂ ਸਥਾਨ ਹਾਸਲ ਕੀਤਾ।

Advertisement

ਮੈਕਸਿਕੋ ਓਲੰਪਿਕ (1968) ਖੇਡਾਂ ’ਚ ਤਾਰੀ ਦੀ ਕਪਤਾਨੀ ਹੇਠ ਛੇ ਸਿੱਖ ਖਿਡਾਰੀਆਂ ਨੇ ਕੀਨੀਆ ਦਾ ਝੰਡਾ ਬੁਲੰਦ ਰੱਖਿਆ। ਮਿਊਨਿਖ (1972) ਖੇਡਾਂ ਦਾ ਟੂਰਨਾਮੈਂਟ ਖ਼ਾਸ ਸੀ ਕਿਉਂਕਿ ਕੀਨੀਆ ਦੀ 18 ਮੈਂਬਰੀ ਟੀਮ ਵਿੱਚ 13 ਖਿਡਾਰੀ ਪੰਜਾਬੀ ਮੂਲ ਦੇ ਸਨ। ਇਸ ਵਿੱਚ ਬਰਜਿੰਦਰ ਸਿੰਘ ਦਵੇਦ, ਜਗਮੇਲ ਸਿੰਘ ਰੂਪਰਾਏ ਅਤੇ ਸੁਰਜੀਤ ਸਿੰਘ ਰਿਹਾਲ ਵਰਗੇ ਨਾਮ ਸ਼ਾਮਿਲ ਸਨ। ਸਪੇਨ ਦੇ ਬਾਰਸੀਲੋਨਾ ਵਿੱਚ ਖੇਡਿਆ ਗਿਆ ਪਹਿਲਾ ਵਿਸ਼ਵ ਹਾਕੀ ਕੱਪ (1971) ਅਵਤਾਰ ਸਿੰਘ ਤਾਰੀ ਦੇ ਕਰੀਅਰ ਦੀ ਇੱਕ ਹੋਰ ਵੱਡੀ ਉਪਲਬਧੀ ਸੀ। ਕਪਤਾਨ ਅਵਤਾਰ ਸਿੰਘ ਤਾਰੀ ਨੇ ਮੂਹਰੇ ਹੋ ਕੇ ਟੀਮ ਦੀ ਅਗਵਾਈ ਕੀਤੀ ਅਤੇ ਟੂਰਨਾਮੈਂਟ ਵਿੱਚ ਚਾਰ ਅਹਿਮ ਗੋਲ ਕੀਤੇ। ਕੀਨੀਆ ਦੀ ਟੀਮ ਵਿਸ਼ਵ ਦੀਆਂ ਸਿਖਰਲੀਆਂ ਦਸ ਟੀਮਾਂ ਨੂੰ ਪਛਾੜ ਕੇ ਸੈਮੀਫਾਈਨਲ ਤੱਕ ਪਹੁੰਚੀ। ਹਾਲਾਂਕਿ ਸੈਮੀਫਾਈਨਲ ਵਿੱਚ ਮੇਜ਼ਬਾਨ ਸਪੇਨ ਤੋਂ ਹਾਰਨ ਕਰਕੇ ਉਹ ਖ਼ਿਤਾਬੀ ਦੌੜ ਤੋਂ ਬਾਹਰ ਹੋ ਗਈ, ਪਰ ਚੌਥੇ ਸਥਾਨ ’ਤੇ ਰਹਿ ਕੇ ਇਸ ਟੀਮ ਨੇ ਵਿਸ਼ਵ ਹਾਕੀ ਵਿੱਚ ਆਪਣੀ ਪੈਂਠ ਬਣਾਈ।

ਕੋਚਿੰਗ ਅਤੇ ਪ੍ਰਬੰਧਕੀ ਸੇਵਾਵਾਂ: ਮੈਦਾਨ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਅਵਤਾਰ ਸਿੰਘ ਤਾਰੀ ਹਾਕੀ ਨਾਲ ਜੁੜਿਆ ਰਿਹਾ। ਉਸ ਦੀਆਂ ਸੇਵਾਵਾਂ ਦੇ ਮੱਦੇਨਜ਼ਰ 1984 ਲਾਸ ਏਂਜਲਸ ਓਲੰਪਿਕ ਲਈ ਉਸ ਨੂੰ ਕੀਨਿਆਈ ਟੀਮ ਦਾ ਮੁੱਖ ਕੋਚ ਥਾਪਿਆ ਗਿਆ। ਸਾਲ 1980 ਵਿੱਚ ਉਸ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਅੰਪਾਇਰਾਂ ਦੇ ਪੈਨਲ ਵਿੱਚ ਸ਼ਾਮਿਲ ਕੀਤਾ ਗਿਆ। 1988 ਦੀਆਂ ਸਿਓਲ ਓਲੰਪਿਕ ਖੇਡਾਂ ਵਿੱਚ ਉਹ ਜੱਜਾਂ ਦੀ ਜਿਊਰੀ ਦੇ ਮੈਂਬਰ ਅਤੇ ਕੋਚਿੰਗ ਕਮੇਟੀ ਦਾ ਹਿੱਸਾ ਰਿਹਾ। ਹਾਕੀ ਲਈ ਦਿੱਤੀਆਂ ਬੇਮਿਸਾਲ ਸੇਵਾਵਾਂ ਬਦਲੇ ਉਸ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ‘ਡਿਪਲੋਮਾ ਔਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ। ਅੱਜ ਵੀ ਇਹ ਓਲੰਪੀਅਨ ਯੋਧਾ ਨੈਰੋਬੀ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਅਤੇ ‘ਸਿੱਖ ਯੂਨੀਅਨ ਹਾਕੀ ਕਲੱਬ’ ਵਿੱਚ ਜੂਨੀਅਰ ਖਿਡਾਰੀਆਂ ਨੂੰ ਹਾਕੀ ਦੇ ਗੁਰ ਸਿਖਾ ਕੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਰਿਹਾ ਹੈ।

ਸੰਪਰਕ: 94171-82993

Advertisement
×