ਆਸਟਰੇਲੀਆ ਨੇ ਇੰਗਲੈਂਡ ਨੂੰ 82 ਦੌੜਾਂ ਨਾਲ ਹਰਾਇਆ
ਮੇਜ਼ਬਾਨ ਟੀਮ ਦਾ ਅੈਸ਼ੇਜ਼ ਲਡ਼ੀ ’ਤੇ ਕਬਜ਼ਾ ਬਰਕਰਾਰ; ਪੰਜ ਮੈਚਾਂ ਦੀ ਲਡ਼ੀ ਵਿੱਚ 3-0 ਦੀ ਜੇਤੂ ਲੀਡ ਲਈ
ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਸਟਰੇਲੀਆ ਨੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਅਤੇ ਆਖ਼ਰੀ ਦਿਨ ਅੱਜ ਇੰਗਲੈਂਡ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਸਟਾਰਕ ਨੇ ਆਖ਼ਰੀ ਚਾਰ ’ਚੋਂ ਤਿੰਨ ਵਿਕਟਾਂ ਲੈ ਕੇ ਮਹਿਮਾਨ ਟੀਮ ਨੂੰ ਗੋਡਿਆਂ ਭਾਰ ਕਰ ਦਿੱਤਾ; ਸਿੱਟੇ ਵਜੋਂ ਆਸਟਰੇਲੀਆ ਨੇ ਇਹ ਮੈਚ 82 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ ਦੋ ਟੈਸਟ ਬਾਕੀ ਰਹਿੰਦਿਆਂ ਹੀ 3-0 ਦੀ ਜੇਤੂ ਲੀਡ ਲੈ ਕੇ ਐਸ਼ੇਜ਼ ਲੜੀ ’ਤੇ ਕਬਜ਼ਾ ਬਰਕਰਾਰ ਰੱਖਿਆ ਹੈ।
ਇੰਗਲੈਂਡ ਨੇ 435 ਦੌੜਾਂ ਦੇ ਵਿਸ਼ਵ ਰਿਕਾਰਡ ਟੀਚੇ ਦਾ ਪਿੱਛਾ ਕਰਦਿਆਂ ਪੰਜਵੇਂ ਦਿਨ ਸਵੇਰੇ ਆਪਣੀ ਦੂਜੀ ਪਾਰੀ 207/6 ਤੋਂ ਅੱਗੇ ਵਧਾਈ। ਉਸ ਸਮੇਂ ਇੰਗਲੈਂਡ ਨੂੰ ਜਿੱਤ ਲਈ 228 ਦੌੜਾਂ ਦੀ ਲੋੜ ਸੀ; ਆਸਟਰੇਲੀਆ ਨੂੰ ਚਾਰ ਵਿਕਟਾਂ ਚਾਹੀਦੀਆਂ ਸਨ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਸਵੇਰ ਦੇ ਸੈਸ਼ਨ ਵਿੱਚ ਜ਼ਬਰਦਸਤ ਜਜ਼ਬਾ ਦਿਖਾਇਆ ਅਤੇ 102 ਦੌੜਾਂ ਜੋੜ ਕੇ ਲੰਚ ਤੱਕ ਸਕੋਰ 309/7 ਕਰ ਦਿੱਤਾ। ਉਸ ਸਮੇਂ ਇੰਗਲੈਂਡ ਨੂੰ 126 ਦੌੜਾਂ ਅਤੇ ਆਸਟਰੇਲੀਆ ਨੂੰ 3 ਵਿਕਟਾਂ ਦੀ ਲੋੜ ਸੀ।
ਲੰਚ ਤੋਂ ਬਾਅਦ ਆਸਟਰੇਲਿਆਈ ਗੇਂਦਬਾਜ਼ਾਂ ਨੇ ਸ਼ਿਕੰਜਾ ਕੱਸ ਲਿਆ ਅਤੇ ਪੂਰੀ ਇੰਗਲਿਸ਼ ਟੀਮ 352 ਦੌੜਾਂ ’ਤੇ ਢੇਰ ਹੋ ਗਈ। ਸਟਾਰਕ ਨੇ ਸਵੇਰ ਦੇ ਸੈਸ਼ਨ ਵਿੱਚ ਜੇਮੀ ਸਮਿਥ (60) ਨੂੰ ਆਊਟ ਕੀਤਾ ਅਤੇ ਬਾਅਦ ਵਿੱਚ ਵਿਲ ਜੈਕਸ (47) ਤੇ ਜੋਫਰਾ ਆਰਚਰ (3) ਦੀਆਂ ਵਿਕਟਾਂ ਲਈਆਂ। ਸਕਾਟ ਬੋਲੈਂਡ ਨੇ ਜੋਸ਼ ਟੰਗ (1) ਨੂੰ ਆਊਟ ਕਰਕੇ ਮੈਚ ਖ਼ਤਮ ਕੀਤਾ। ਆਸਟਰੇਲੀਆ ਨੂੰ ਤਜਰਬੇਕਾਰ ਸਪਿੰਨਰ ਨਾਥਨ ਲਿਓਨ ਦੀ ਕਮੀ ਮਹਿਸੂਸ ਹੋਈ, ਜੋ ਸੱਟ ਕਾਰਨ ਮੈਦਾਨ ਤੋਂ ਬਾਹਰ ਚਲਾ ਗਿਆ ਸੀ। ਆਸਟਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਐਲੈਕਸ ਕੈਰੀ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਕੈਰੀ ਨੇ ਪਹਿਲੀ ਪਾਰੀ ਵਿੱਚ ਸੈਂਕੜਾ ਜੜਿਆ ਸੀ ਅਤੇ ਦੂਜੀ ਪਾਰੀ ਵਿੱਚ ਟ੍ਰੈਵਿਸ ਹੈੱਡ ਨਾਲ ਮਿਲ ਕੇ 162 ਦੌੜਾਂ ਦੀ ਅਹਿਮ ਭਾਈਵਾਲੀ ਕਰਦਿਆਂ ਨੀਮ ਸੈਂਕੜਾ ਲਾਇਆ। ਇਸ ਮੈਚ ਦੀ ਦੂਜੀ ਪਾਰੀ ਵਿੱਚ ਹੈੱਡ ਨੇ 170 ਦੌੜਾਂ ਦੀ ਪਾਰੀ ਖੇਡੀ ਸੀ।

