Indian Athletics Series 9: ਐਥਲੈਟਿਕਸ: ਤੇਜਸ ਨੇ ਨਵਾਂ ਕੌਮੀ ਰਿਕਾਰਡ ਸਿਰਜਿਆ
110 ਮੀਟਰ ਅੜਿੱਕਾ ਦੌੜ 13.27 ਸੈਕਿੰਡ ਵਿੱਚ ਪੂਰੀ ਕੀਤੀ
ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ‘ਇੰਡੀਅਨ ਅਥਲੈਟਿਕਸ ਸੀਰੀਜ਼-9’ ਦਾ ਕੌਮੀ ਪੱਧਰ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਪੁਰਸ਼ਾਂ ਦੀ 110 ਮੀਟਰ ਅੜਿੱਕਾ ਦੌੜ ਵਿੱਚ ਤੇਜਸ ਸਿਰਸੇ ਨੇ ਅੱਜ 13.27 ਸੈਕਿੰਡ ਨਾਲ ਨਵਾਂ ਰਿਕਾਰਡ ਕਾਇਮ ਕੀਤਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਲਈ ਖਿਡਾਰੀਆਂ ਦੀ ਚੋਣ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਪੁਰਸ਼ਾਂ ਦੀ 10,000 ਮੀਟਰ ਪੈਦਲ ਦੌੜ ਵਿੱਚ ਨਿਤਿਨ ਗੁਪਤਾ, ਗੌਰਵ ਕੁਮਾਰ ਤੇ ਰਿਤਿਕ ਕੁਮਾਰ, ਮਹਿਲਾਵਾਂ ਦੀ 800 ਮੀਟਰ ਦੌੜ ’ਚ ਚੰਡੀਗੜ੍ਹ ਦੀ ਹਰਮਿਲਨ ਬੈਂਸ, ਆਲ ਇੰਡੀਆ ਪੁਲੀਸ ਦੀ ਸ਼ਿਵਾਨੀ ਹੁੱਡਾ ਤੇ ਪੰਜਾਬ ਦੀ ਅਮਨਦੀਪ ਕੌਰ, 200 ਮੀਟਰ ਦੌੜ ਵਿੱਚ ਹਰਿਆਣਾ ਦੀ ਨੈਨਸੀ, ਚੰਡੀਗੜ੍ਹ ਦੀ ਹੀਰਲ ਸੈਣੀ ਤੇ ਪੰਜਾਬ ਦੀ ਜਸਮੀਨ ਕੌਰ, 1500 ਮੀਟਰ ਦੌੜ ਵਿੱਚ ਰਾਜਸਥਾਨ ਦੀ ਦੀਪਿਕਾ, ਮਹਾਰਾਸ਼ਟਰ ਦੀ ਸਨੇਹਲ ਖਾਰਤ ਅਤੇ ਹਰਿਆਣਾ ਦੀ ਰਿਧਿਮਾ, 100 ਮੀਟਰ ਅੜਿੱਕਾ ਦੌੜ ਵਿੱਚ ਉੜੀਸਾ ਦੀ ਪ੍ਰਾਗਿਯਾਨ ਪ੍ਰਸ਼ਾਂਤੀ, ਪੰਜਾਬ ਦੀ ਗੁਰਦੀਪ ਕੌਰ ਤੇ ਉੱਤਰ ਪ੍ਰਦੇਸ਼ ਦੀ ਰਿਤਵਿਕਾ ਸਿੰਘ, ਪੁਰਸ਼ਾਂ ਦੀ 110 ਮੀਟਰ ਅੜਿੱਕਾ ਦੌੜ ਦੀ ‘ਰੇਸ-ਏ’ ਵਿੱਚ ਪੰਜਾਬ ਦੇ ਪੰਕਜ ਪਾਲ ਸਾਹੂ, ਦਿੱਲੀ ਦੇ ਸ਼ੁਭਮ ਰਾਵਤ ਅਤੇ ਆਰਮੀ ਦੇ ਬਲਰਾਮ ਸ਼ਰਮਾ, ‘ਰੇਸ-ਬੀ’ ਵਿੱਚ ਰਿਲਾਇੰਸ ਦੇ ਤੇਜਸ ਅਸ਼ੋਕ ਸਿਰਸੇ, ਰਿਲਾਇੰਸ ਦੇ ਕ੍ਰਿਸ਼ਿਕ ਐੱਮ ਅਤੇ ਰਾਜਸਥਾਨ ਦੇ ਮਾਧਵੇਂਦਰ ਸਿੰਘ, ਪੁਰਸ਼ਾਂ ਦੇ ਜੈਵਲਿਨ ਥਰੋਅ ਵਿੱਚ ਹਰਿਆਣਾ ਦੇ ਆਦਿੱਤਿਆ, ਤਾਮਿਲ ਨਾਡੂ ਦੇ ਧਰਨੀਧਰਨ ਅਤੇ ਯੂ ਪੀ ਦੇ ਅਸ਼ਿਸ਼ ਯਾਦਵ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

