Athletics: ਜਿੱਤ ਦੇ ਬਾਵਜੂਦ Asian Games ਦੇ ਯੋਗਤਾ ਮਾਪਦੰਡ ਤੋਂ ਖੁੰਝਿਆ Gulveer Singh
ਕੌਮੀ ਇੰਟਰ-ਸਟੇਟ ਚੈਂਪੀਅਨਸ਼ਿਪ ਦੀ 5000 ਮੀਟਰ ’ਚ ਕੀਤਾ ਨਿਰਾਸ਼
ਮੌਜੂਦਾ ਏਸ਼ਿਆਈ ਚੈਂਪੀਅਨ ਗੁਲਵੀਰ ਸਿੰਘ ਨੈਸ਼ਨਲ ਇੰਟਰ-ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਏਸ਼ਿਆਈ ਖੇਡਾਂ ਲਈ ਤੈਅ ਯੋਗਤਾ ਮਾਪਦੰਡ ਹਾਸਲ ਕਰਨ ਤੋਂ ਖੁੰਝ ਗਿਆ। ਉੱਤਰ ਪ੍ਰਦੇਸ਼ ਦੇ 26 ਸਾਲਾ ਇਸ ਐਥਲੀਟ ਨੇ 13 ਮਿੰਟ 52.92 ਸਕਿੰਟ ਦੇ ਸਮੇਂ ਨਾਲ ਦੌੜ ਤਾਂ ਜਿੱਤ ਲਈ, ਪਰ ਇਹ ਸਮਾਂ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਤੈਅ 13 ਮਿੰਟ 39.18 ਸਕਿੰਟ ਦੇ ਯੋਗਤਾ ਮਾਪਦੰਡ ਤੋਂ ਜ਼ਿਆਦਾ ਸੀ। ਉਸ ਦਾ ਇਹ ਪ੍ਰਦਰਸ਼ਨ ਪਿਛਲੇ ਮਹੀਨੇ ਅਮਰੀਕਾ ਵਿਚਲੇ ਉਸ ਦੇ 13 ਮਿੰਟ 03.93 ਸਕਿੰਟ ਦੇ ਕੌਮੀ ਰਿਕਾਰਡ ਨਾਲੋਂ ਵੀ ਖ਼ਰਾਬ ਰਿਹਾ।
ਸਾਲ ਦੇ ਸ਼ੁਰੂ ਵਿੱਚ ਉਹ ਅਮਰੀਕਾ ’ਚ ਇਹ ਮਾਪਦੰਡ ਪਾਰ ਕਰ ਚੁੱਕਾ ਹੈ, ਜਿਸ ਕਰ ਕੇ ਫੈਡਰੇਸ਼ਨ ਦੀ ਚੋਣ ਕਮੇਟੀ ਏਸ਼ਿਆਈ ਖੇਡਾਂ ਲਈ ਉਸ ਦੇ ਨਾਂ ’ਤੇ ਵਿਚਾਰ ਕਰ ਸਕਦੀ ਹੈ। ਫਰਵਰੀ 2025 ਵਿੱਚ ਉਹ 13 ਮਿੰਟ ਤੋਂ ਘੱਟ ਸਮੇਂ ਵਿੱਚ ਇਹ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਸੀ। ਉਹ ਇਸ ਵੇਲੇ ਸਰਕਾਰੀ ਮਦਦ ਨਾਲ ਅਮਰੀਕਾ ਵਿੱਚ ਵਿਦੇਸ਼ੀ ਕੋਚ ਸਕੌਟ ਸਿਮਨਜ਼ ਦੀ ਨਿਗਰਾਨੀ ਹੇਠ ਸਿਖਲਾਈ ਲੈ ਰਿਹਾ ਹੈ।
ਗੁਲਵੀਰ ਸਿੰਘ ਨੇ ਕਿਹਾ ਕਿ ਗਰਮੀ ਅਤੇ ਨਵੇਂ ਟਰੈਕ ਕਾਰਨ ਉਹ ਇਸ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੈ। ਉਹ ਸ਼ਨਿਚਰਵਾਰ ਨੂੰ 1500 ਮੀਟਰ ਦੌੜ ਵਿੱਚ ਵੀ ਹਿੱਸਾ ਲਵੇਗਾ। ਇਸ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੇ ਅਭਿਸ਼ੇਕ ਪਾਲ ਨੇ ਚਾਂਦੀ ਅਤੇ ਪੰਜਾਬ ਦੇ ਹਰਮਨਜੋਤ ਸਿੰਘ ਨੇ ਕਾਂਸੇ ਦਾ ਤਗ਼ਮਾ ਜਿੱਤਿਆ।
