Asian Para Games: ਮੋਨਾ ਨੇ ਨਿਸ਼ਾਨੇਬਾਜ਼ੀ ’ਚ ਸੋਨ ਤਗ਼ਮਾ ਜਿੱਤਿਆ
ਅਵਨੀ ਨੇ ਵੀ ਏਸ਼ਿਆਈ ਪੈਰਾ ਖੇਡਾਂ ’ਚ ਚਾਂਦੀ ਜਿੱਤੀ
ਮੋਨਾ ਅਗਰਵਾਲ ਨੇ ਅੱਜ ਇੱਥੇ ਏਸ਼ੀਅਨ ਪੈਰਾ ਖੇਡਾਂ ਦੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ (ਐੱਸ ਐੱਚ1) ਮੁਕਾਬਲੇ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਆਪਣੇ ਦੇਸ਼ ਦੀ ਹੀ ਅਵਨੀ ਲੇਖਰਾ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ, ਜਿਸ ਨਾਲ ਭਾਰਤ ਨੇ ਪਹਿਲੇ-ਦੂਜੇ ਸਥਾਨ ਨਾਲ ਆਪਣੇ ਤਗ਼ਮੇ ਦੇ ਖਾਤੇ ਦੀ ਸ਼ੁਰੂਆਤ ਕੀਤੀ।
2024 ਦੇ ਪੈਰਾਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਮੋਨਾ ਨੇ ਛੇਵੇਂ ਸਥਾਨ ਤੋਂ ਉੱਪਰ ਉੱਠ ਕੇ 250.0 ਦਾ ਏਸ਼ਿਆਈ ਪੈਰਾ ਖੇਡਾਂ ਦਾ ਰਿਕਾਰਡ ਬਣਾਇਆ ਅਤੇ ਦੋ ਵਾਰ ਦੀ ਪੈਰਾਲੰਪਿਕ ਚੈਂਪੀਅਨ ਅਵਨੀ ਨੂੰ ਮਹਿਜ਼ 0.4 ਅੰਕਾਂ ਨਾਲ ਪਿੱਛੇ ਛੱਡ ਦਿੱਤਾ। 24 ਸਾਲਾ ਅਵਨੀ ਜੋ ਮੌਜੂਦਾ ਚੈਂਪੀਅਨ ਸੀ, 249.6 ਅੰਕਾਂ ਨਾਲ ਚਾਂਦੀ ਦੇ ਤਗ਼ਮੇ ’ਤੇ ਸੰਤੁਸ਼ਟ ਰਹੀ। ਉਸ ਦੇ ਇਸ ਤਗ਼ਮੇ ਨਾਲ ਭਾਰਤ ਲਈ 2028 ਦੇ ਲਾਸ ਏਂਜਲਸ ਪੈਰਾਲੰਪਿਕ ਲਈ ਦੂਜਾ ਕੋਟਾ ਸਥਾਨ ਵੀ ਪੱਕਾ ਹੋ ਗਿਆ ਹੈ, ਜਦਕਿ ਮੋਨਾ ਪਹਿਲਾਂ ਹੀ ਪਿਛਲੇ ਮਹੀਨੇ ਦੱਖਣੀ ਕੋਰੀਆ ਦੇ ਚਾਂਗਵੋਨ ਵਿੱਚ ਵਰਲਡ ਸ਼ੂਟਿੰਗ ਪੈਰਾ ਸਪੋਰਟ (ਡਬਲਿਊ ਐੱਸ ਪੀ ਐੱਸ) ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਕੋਟਾ ਹਾਸਲ ਕਰ ਚੁੱਕੀ ਹੈ।
ਕੋਰੀਆ ਦੀ ਯੁਨਰੀ ਲੀ (227.9) ਨੇ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਐੱਸ ਐੱਚ1 ਸ਼੍ਰੇਣੀ ਹੇਠਲੇ ਅੰਗਾਂ ਦੀ ਕਮਜ਼ੋਰੀ ਵਾਲੇ ਨਿਸ਼ਾਨੇਬਾਜ਼ਾਂ ਲਈ ਹੈ। ਜੈਪੁਰ ਦੀਆਂ ਇਨ੍ਹਾਂ ਦੋਹਾਂ ਨਿਸ਼ਾਨੇਬਾਜ਼ਾਂ ਵਿਚਕਾਰ ਮੁਕਾਬਲਾ 24-ਸ਼ਾਟ ਮੁਕਾਬਲੇ ਦੇ ਆਖਰੀ ਸ਼ਾਟ ਤੱਕ ਗਿਆ। ਫੈਸਲਾਕੁਨ ਸ਼ਾਟ ਤੋਂ ਪਹਿਲਾਂ ਮੋਨਾ ਕੋਲ ਅਵਨੀ ’ਤੇ 239.1 ਦੇ ਮੁਕਾਬਲੇ 239.2 ਨਾਲ 0.1 ਅੰਕ ਦੀ ਮਾਮੂਲੀ ਲੀਡ ਸੀ। ਮੋਨਾ ਨੇ ਸ਼ਾਨਦਾਰ 10.8 ਦਾ ਨਿਸ਼ਾਨਾ ਲਾਇਆ, ਜਦਕਿ ਅਵਨੀ 10.5 ਹੀ ਹਾਸਲ ਕਰ ਸਕੀ, ਜਿਸ ਨਾਲ ਦੋ ਬੱਚਿਆਂ ਦੀ 38 ਸਾਲਾ ਮਾਂ ਮੋਨਾ ਲਈ ਸੋਨ ਤਗ਼ਮਾ ਪੱਕਾ ਹੋ ਗਿਆ।

