DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਪਹਿਲੀ ਵਾਰ ਜੁੜੇਗਾ ਏਸ਼ੀਅਨ ਹਾਕੀ ਦਾ ਮਹਾਕੁੰਭ

ਪੰਜਾਬ ਤੇ ਖੇਡਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਮੁੱਢ ਕਦੀਮ ਤੋਂ ਪੰਜਾਬ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਰਿਹਾ ਹੈ। ਪੰਜਾਬੀਆਂ ਨੂੰ ਖੇਡਾਂ ਦੀ ਗੁੜ੍ਹਤੀ ਗੁਰੂ ਸਾਹਿਬਾਨ ਤੋਂ ਮਿਲੀ ਹੈ। ਸਾਡੇ ਮਹਾਨ ਸਿੱਖ ਗੁਰੂਆਂ ਨੇ ਖੇਡਾਂ ਰਾਹੀਂ ਨਾ ਸਿਰਫ ਅਧਿਆਤਮਕਤਾ...

  • fb
  • twitter
  • whatsapp
  • whatsapp
Advertisement
ਪੰਜਾਬ ਤੇ ਖੇਡਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਮੁੱਢ ਕਦੀਮ ਤੋਂ ਪੰਜਾਬ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਰਿਹਾ ਹੈ। ਪੰਜਾਬੀਆਂ ਨੂੰ ਖੇਡਾਂ ਦੀ ਗੁੜ੍ਹਤੀ ਗੁਰੂ ਸਾਹਿਬਾਨ ਤੋਂ ਮਿਲੀ ਹੈ। ਸਾਡੇ ਮਹਾਨ ਸਿੱਖ ਗੁਰੂਆਂ ਨੇ ਖੇਡਾਂ ਰਾਹੀਂ ਨਾ ਸਿਰਫ ਅਧਿਆਤਮਕਤਾ ਸਗੋਂ ਸਰੀਰਕ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕੀਤਾ। ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜਾ ਸ਼ੁਰੂ ਕੀਤਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਵੀ ਨੌਜਵਾਨਾਂ ਨੂੰ ਘੋੜਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਨਿਪੁੰਨ ਕੀਤਾ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇਗ਼ ਦੇ ਧਨੀ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰੇਕ ਪ੍ਰਕਾਰ ਦੀਆਂ ਖੇਡਾਂ ਅਤੇ ਯੁੱਧ-ਕਲਾਵਾਂ ਵਿੱਚ ਨਿਪੁੰਨ ਸਨ। ਗੁਰੂ ਸਾਹਿਬ ਵੱਲੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਹਰੇਕ ਸਾਲ ਹੋਲੇ-ਮਹੱਲੇ ਦੀ ਸ਼ਾਨਦਾਰ ਰਵਾਇਤ ਸ਼ੁਰੂ ਕੀਤੀ ਗਈ।

ਆਧੁਨਿਕ ਸਮੇਂ ਦੀ ਗੱਲ ਕਰੀਏ ਤਾਂ ਭਾਰਤੀ ਖੇਡਾਂ ਦਾ ਇਤਿਹਾਸ ਪੰਜਾਬ ਬਿਨਾਂ ਅਧੂਰਾ ਹੈ। ਖੇਡਾਂ ਦੇ ਮਹਾਂਕੁੰਭ ਓਲੰਪਿਕਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮੱਲਾਂ ਪੰਜਾਬੀਆਂ ਨੇ ਮਾਰੀਆਂ ਹਨ। ਭਾਰਤ ਦਾ ਪਹਿਲਾ ਵਿਅਕਤੀਗਤ ਓਲੰਪਿਕ ਸੋਨ ਤਗ਼ਮਾ ਪੰਜਾਬੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਵਿੱਚ ਪੇਈਚਿੰਗ ਵਿੱਚ ਜਿੱਤਿਆ ਸੀ। ਜੇਕਰ ਮਹਿਜ਼ ਹਾਕੀ ਦੀ ਗੱਲ ਕਰੀਏ ਤਾਂ ਓਲੰਪਿਕਸ ਵਿੱਚ ਭਾਰਤ ਨੇ ਸਭ ਤੋਂ ਵੱਧ ਤਗ਼ਮੇ ਹਾਕੀ ਦੀ ਖੇਡ ਵਿੱਚ ਜਿੱਤੇ ਹਨ। 8 ਸੋਨ ਤਗ਼ਮਿਆਂ ਸਮੇਤ 13 ਕੁੱਲ ਤਗ਼ਮੇ ਜਿੱਤੇ ਹਨ ਅਤੇ ਇਨ੍ਹਾਂ ਤਗ਼ਮਾ ਜੇਤੂਆਂ ਵਿੱਚ 50 ਤੋਂ ਵੱਧ ਖਿਡਾਰੀ ਪੰਜਾਬ ਦੇ ਹਨ। 2024 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਵਿੱਚ 10 ਪੰਜਾਬੀ ਖਿਡਾਰੀ ਅਤੇ 2021 ਦੀਆਂ ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਵਿੱਚ 9 ਖਿਡਾਰੀ ਪੰਜਾਬੀ ਸਨ। ਦੋਵੇਂ ਟੀਮਾਂ ਵਿੱਚ ਕਪਤਾਨ ਵੀ ਪੰਜਾਬੀ ਸਨ।

Advertisement

1928 ਦੀਆਂ ਐਮਸਟਰਡਮ ਓਲੰਪਿਕਸ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਤੱਕ ਭਾਰਤ ਨੇ 22 ਵਾਰ ਹਾਕੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ 10 ਵਾਰ ਕਪਤਾਨੀ ਪੰਜਾਬੀ ਖਿਡਾਰੀ ਹਿੱਸੇ ਆਈ ਹੈ। ਬਲਬੀਰ ਸਿੰਘ ਸੀਨੀਅਰ ਤੇ ਊਧਮ ਸਿੰਘ ਨੇ ਤਿੰਨ-ਤਿੰਨ ਵਾਰ ਸੋਨੇ ਦਾ ਤਗ਼ਮਾ ਜਿੱਤਿਆ ਹੈ। ਪ੍ਰਿਥੀਪਾਲ ਸਿੰਘ ਨੇ ਸੋਨੇ, ਚਾਂਦੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਇਕਲੌਤਾ ਵਿਸ਼ਵ ਕੱਪ 1975 ਵਿੱਚ ਪੰਜਾਬੀ ਕਪਤਾਨ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਜਿੱਤਿਆ ਜਿਸ ਵਿੱਚ ਅੱਧੀ ਟੀਮ ਪੰਜਾਬ ਤੋਂ ਸੀ। 1966 ਦੀਆਂ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਭਾਰਤੀ ਇਲੈਵਨ ਵਿੱਚ ਗੋਲਚੀ ਨੂੰ ਛੱਡ ਕੇ ਬਾਕੀ ਸਾਰੇ 10 ਖਿਡਾਰੀ ਪੰਜਾਬੀ ਸਨ। ਬਲਬੀਰ ਸਿੰਘ ਸੀਨੀਅਰ, ਪ੍ਰਿਥੀਪਾਲ ਸਿੰਘ, ਸੁਰਿੰਦਰ ਸਿੰਘ ਸੋਢੀ ਤੇ ਹਰਮਨਪ੍ਰੀਤ ਸਿੰਘ ਓਲੰਪਿਕਸ ਦੇ ਟੌਪ ਸਕੋਰਰ ਰਹੇ। ਹਰਮੀਕ ਸਿੰਘ, ਹਰਚਰਨ ਸਿੰਘ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਸੀਨੀਅਰ ਜਿਹੇ ਖਿਡਾਰੀਆਂ ਦੀ ਲੰਮੀ ਸੂਚੀ ਹੈ ਜੋ ਵਿਸ਼ਵ ਦੇ ਮਹਾਨ ਖਿਡਾਰੀਆਂ ਵਿੱਚ ਸ਼ੁਮਾਰ ਹਨ।

Advertisement

ਹਾਕੀ ਵਿੱਚ ਮੱਲਾਂ ਮਾਰਨ ਦੇ ਬਾਵਜੂਦ ਪੰਜਾਬ ਨੂੰ ਕਦੇ ਵੀ ਕਿਸੇ ਹਾਕੀ ਦੇ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਮਿਲੀ। ਵਿਸ਼ਵ ਦੇ ਵੱਡੇ ਹਾਕੀ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਭਾਰਤ ਨੇ ਚਾਰ ਵਾਰ ਵਿਸ਼ਵ ਕੱਪ, ਤਿੰਨ ਵਾਰ ਚੈਂਪੀਅਨਜ਼ ਟਰਾਫ਼ੀ, ਤਿੰਨ ਵਾਰ ਹੀ ਏਸ਼ੀਆ ਕੱਪ ਅਤੇ ਇੱਕ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕੀਤੀ ਹੈ ਪਰ ਪੰਜਾਬ ਨੂੰ ਇਹ ਮੁਕਾਬਲੇ ਕਰਵਾਉਣ ਦਾ ਮੌਕਾ ਨਹੀਂ ਮਿਲਿਆ। ਭਾਰਤ ਨੇ 1982 ਵਿੱਚ ਬੰਬਈ (ਹੁਣ ਮੁੰਬਈਂ), 2010 ਵਿੱਚ ਨਵੀਂ ਦਿੱਲੀ ਅਤੇ 2018 ਤੇ 2023 ਵਿੱਚ ਭੁਬਨੇਸ਼ਵਰ ਵਿੱਚ ਹਾਕੀ ਵਿਸ਼ਵ ਕੱਪ ਕਰਵਾਇਆ। 1996 ਵਿੱਚ ਮਦਰਾਸ (ਹੁਣ ਚੇਨੱਈ), 2005 ਵਿੱਚ ਚੇਨੱਈ ਤੇ 2014 ਵਿੱਚ ਭੁਬਨੇਸ਼ਵਰ ਵਿੱਚ ਹਾਕੀ ਚੈਂਪੀਅਨਜ਼ ਟਰਾਫ਼ੀ ਕਰਵਾਈ। ਇਸੇ ਤਰ੍ਹਾਂ 1989 ਵਿੱਚ ਨਵੀਂ, 2007 ਵਿੱਚ ਚੇਨੱਈ ਤੇ 2025 ਵਿੱਚ ਰਾਜਗੀਰ ਵਿੱਚ ਏਸ਼ੀਆ ਕੱਪ ਅਤੇ 2023 ਵਿੱਚ ਚੇਨੱਈ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕੀਤੀ।

ਮਲਟੀ ਸਪੋਰਟਸ ਖੇਡਾਂ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਨੇ 1951 ਤੇ 1982 ਵਿੱਚ ਏਸ਼ਿਆਈ ਖੇਡਾਂ ਅਤੇ 2010 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ। ਹੈਦਰਾਬਾਦ ਨੇ 2003 ਵਿੱਚ ਐਫਰੋ-ਏਸ਼ੀਅਨ ਖੇਡਾਂ ਕਰਵਾਈਆਂ। ਇਥੋਂ ਤੱਕ ਕਿ ਪੰਜਾਬ ਨੂੰ ਹਾਕੀ ਦੇ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਮਿਲੀ। 2013 ਵਿੱਚ ਨਵੀਂ ਦਿੱਲੀ, 2016 ਵਿੱਚ ਲਖਨਊ, 2021 ਵਿੱਚ ਭੁੁਬਨੇਸ਼ਵਰ ਅਤੇ 2023 ਵਿੱਚ ਚੇਨੱਈ ਤੇ ਮਦੁਰਾਇ ਨੇ ਹਾਕੀ ਦੇ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ। ਹਾਕੀ ਵਿੱਚ ਪੰਜਾਬ ਦੀ ਸਰਦਾਰੀ ਦੇ ਬਾਵਜੂਦ ਕਦੇ ਵੀ ਹਾਕੀ ਦੇ ਕੌਮਾਂਤਰੀ ਟੂਰਨਾਮੈਂਟ ਕਰਵਾਉਣ ਦਾ ਮੌਕਾ ਨਹੀਂ ਮਿਲਿਆ। ਕਿਸੇ ਵੇਲੇ ਐੱਨ ਆਈ ਐੱਸ ਪਟਿਆਲਾ ਵਿਖੇ ਭਾਰਤੀ ਹਾਕੀ ਟੀਮ ਦੇ ਕੈਂਪ ਲੱਗਦੇ ਸਨ ਜੋ ਕਿ ਤਿੰਨ ਦਹਾਕਿਆਂ ਤੋਂ ਲੱਗਣੋਂ ਹੱਟ ਗਏ। ਪਿਛਲੇ ਸਮੇਂ ਵਿੱਚ ਮੁੜ ਸ਼ੁਰੂ ਹੋਈ ਹਾਕੀ ਇੰਡੀਆ ਲੀਗ ਦੇ ਦੋ ਐਡੀਸ਼ਨ ਹੋ ਚੁੱਕੇ ਹਨ ਪ੍ਰੰਤੂ ਪੰਜਾਬ ਦੀ ਟੀਮ ਹੋਣ ਦੇ ਬਾਵਜੂਦ ਲੀਗ ਦੇ ਮੈਚ ਵੀ ਪੰਜਾਬ ਨੂੰ ਨਹੀਂ ਮਿਲੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਕੀ ਦਾ ਕੌਮਾਂਤਰੀ ਟੂਰਨਾਮੈਂਟ ਪੰਜਾਬ ਵਿੱਚ ਕਰਵਾਉਣ ਲਈ ਪਿਛਲੇ ਕੁਝ ਅਰਸੇ ਤੋਂ ਚਾਰਾਜੋਈ ਕੀਤੀ ਜਾ ਰਹੀ ਸੀ। ਉਨ੍ਹਾਂ ਪਾਰਲੀਮੈਂਟ ਵਿੱਚ ਆਪਣੇ ਪੁਰਾਣੇ ਸਾਥੀ ਰਹੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਕੋਲ ਇਹ ਮਾਮਲਾ ਉਠਾਇਆ, ਜਿਸ ਤੋਂ ਬਾਅਦ ਉਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪਿਆ ਪੰਜਾਬ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਰੂਪ ਵਿੱਚ ਪਹਿਲੀ ਵਾਰ ਕੋਈ ਕੌਮਾਂਤਰੀ ਟੂਰਨਾਮੈਂਟ ਮਿਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਭੋਲਾ ਨਾਥ ਤੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਪੰਜਾਬ ਖੇਡ ਵਿਭਾਗ ਨਾਲ ਇਕਰਾਰਨਾਮਾ ਕੀਤਾ ਜਿਸ ਤਹਿਤ ਅਕਤੂਬਰ-ਨਵੰਬਰ ਮਹੀਨੇ ਜਲੰਧਰ ਤੇ ਮੁਹਾਲੀ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਨੂੰ ਹਰ ਸਾਲ ਚਾਰ ਦੇਸੀ ਟੂਰਨਾਮੈਂਟ ਕਰਵਾਉਣ ਦੀ ਵੀ ਹਾਮੀ ਭਰੀ ਗਈ ਹੈ।

ਸਤੰਬਰ-ਅਕਤੂਬਰ ਮਹੀਨੇ ਏਸ਼ਿਆਈ ਖੇਡਾਂ ਤੋਂ ਬਾਅਦ ਰੈਂਕਿੰਗ ਵਿੱਚ ਏਸ਼ੀਆ ਦੀਆਂ ਸਿਖਰਲੀਆਂ ਛੇ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ। ਮੌਜੂਦਾ ਰੈਂਕਿੰਗ ਦੇ ਫਾਰਮ ਨੂੰ ਦੇਖਦਿਆਂ ਮੇਜ਼ਬਾਨ ਭਾਰਤ ਤੋਂ ਇਲਾਵਾ ਪਾਕਿਸਤਾਨ, ਚੀਨ, ਦੱਖਣੀ ਕੋਰੀਆ, ਜਪਾਨ ਤੇ ਮਲੇਸ਼ੀਆ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀਆਂ ਪ੍ਰਮੁੱਖ ਦਾਅਵੇਦਾਰ ਟੀਮਾਂ ਹਨ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨਾਲ ਪੰਜਾਬ ਦੇ ਹਾਕੀ ਪ੍ਰੇਮੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਅਤੇ ਪੰਜਾਬ ਦੇ ਲੋਕ ਵੀ ਆਪਣੇ ਸੂਬੇ ਦੇ ਖਿਡਾਰੀਆਂ ਨੂੰ ਆਪਣੀ ਧਰਤੀ ਉਤੇ ਖੇਡਦਾ ਦੇਖਣਗੇ। ਮੌਜੂਦਾ ਹਾਕੀ ਟੀਮ ਵਿੱਚ ਸ਼ਾਮਲ ਪੰਜਾਬ ਦੇ ਵੱਡੇ ਖਿਡਾਰੀਆਂ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਕ੍ਰਿਸ਼ਨ ਪਾਠਕ ਨੂੰ ਪੰਜਾਬ ਦੇ ਲੋਕ ਆਪਣੇ ਖੇਡ ਮੈਦਾਨਾਂ ਵਿੱਚ ਖੇਡਦਾ ਦੇਖਣਗੇ। ਹਾਕੀ ਦੇ ਦੋ ਮਹਾਨ ਖਿਡਾਰੀਆਂ ਦੇ ਨਾਂ ਉੱਤੇ ਬਣੇ ਦੋ ਵੱਡੇ ਖੇਡ ਮੈਦਾਨ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਦੁਲਹਨ ਵਾਂਗ ਸਜਣਗੇ ਜਿੱਥੇ ਰਵਾਇਤੀ ਏਸ਼ੀਅਨ ਸਟਾਈਲ ਹਾਕੀ ਦਾ ਮਹਾਂਕੁੰਭ ਜੁੜੇਗਾ।

ਸੰਪਰਕ: 97800-36216

Advertisement
×