Asian Games: ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਪਹਿਲਾ ਸੋਨ ਤਗ਼ਮਾ
10 ਮੀਟਰ ਏਅਰ ਪਿਸਟਲ ਮਿਕਸਡ ਟੀਮ ’ਚ ਸੁਰੁਚੀ ਅਤੇ ਕਮਲਜੀਤ ਦੀ ਜੋੜੀ ਨੇ ਇਤਿਹਾਸ ਰਚਿਆ
ਏਸ਼ਿਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਅੱਜ ਭਾਰਤ ਦਾ ਸੋਨ ਤਗ਼ਮੇ ਦਾ ਸੋਕਾ ਖ਼ਤਮ ਹੋ ਗਿਆ ਹੈ। ਸੁਰੁਚੀ ਸਿੰਘ ਅਤੇ ਕਮਲਜੀਤ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਇਹ ਪਹਿਲਾ ਸੋਨ ਤਗ਼ਮਾ ਪਾਇਆ। ਇਸ ਦੇ ਨਾਲ ਹੀ ਪੁਰਸ਼ਾਂ ਦੀ 50 ਮੀਟਰ ਰਾਈਫਲ ਟੀਮ ਨੇ ਵੀ ਚਾਂਦੀ ਦਾ ਤਗ਼ਮਾ ਜਿੱਤਿਆ।
ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ 20 ਸਾਲਾ ਸੁਰੁਚੀ ਇਸ ਤੋਂ ਪਹਿਲਾਂ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵਿਅਕਤੀਗਤ ਅਤੇ ਟੀਮ ਤਗ਼ਮੇ ਤੋਂ ਖੁੰਝ ਗਈ ਸੀ। ਕੁਆਲੀਫਿਕੇਸ਼ਨ ਗੇੜ ਵਿੱਚ ਹੀ ਇਸ ਜੋੜੀ ਨੇ 587 ਅੰਕ ਲੈ ਕੇ ਏਸ਼ਿਆਈ ਖੇਡਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ। ਇਸ ਮਗਰੋਂ ਚਾਰ ਟੀਮਾਂ ਵਾਲੇ ਫਾਈਨਲ ਵਿੱਚ ਭਾਰਤੀ ਜੋੜੀ ਨੇ ਦਬਦਬਾ ਬਣਾਉਂਦਿਆਂ 484.6 ਅੰਕ ਲੈ ਕੇ ਏਸ਼ਿਆਈ ਰਿਕਾਰਡ ਕਾਇਮ ਕੀਤਾ। ਇਸ ਵਿੱਚ ਸੁਰੁਚੀ ਨੇ 245.7 ਅਤੇ ਕਮਲਜੀਤ ਨੇ 238.9 ਅੰਕਾਂ ਦਾ ਯੋਗਦਾਨ ਪਾਇਆ। ਦੱਖਣੀ ਕੋਰੀਆ 478 ਅੰਕਾਂ ਨਾਲ ਦੂਜੇ ਅਤੇ ਇਰਾਨ 415.8 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਦੂਜੇ ਪਾਸੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਵਿੱਚ ਐਸ਼ਵਰਿਆ ਪ੍ਰਤਾਪ ਸਿੰਘ (589 ਅੰਕ), ਨੀਰਜ ਕੁਮਾਰ (588 ਅੰਕ) ਅਤੇ ਰੁਦਰਾਂਕਸ਼ ਪਾਟਿਲ (585 ਅੰਕ) ਦੀ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਕਮਲਜੀਤ ਨੂੰ ਸਿਰਫ 48 ਘੰਟੇ ਪਹਿਲਾਂ ਟੀਮ ਵਿੱਚ ਸ਼ਾਮਲ ਕੀਤਾ ਸੀ
ਏਸ਼ਿਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਭਾਰਤ ਵੱਲੋਂ ਐਨ ਮੌਕੇ ਕੀਤੀ ਤਬਦੀਲੀ ਸੋਨੇ ’ਤੇ ਸੁਹਾਗਾ ਸਾਬਤ ਹੋਈ। ਖਰਾਬ ਲੈਅ ਕਾਰਨ ਕੇਦਾਰਲਿੰਗ ਉਚਾਗਨਵੇ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਗਏ ਕਮਲਜੀਤ ਨੇ ਸੁਰੁਚੀ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦਾ ਸੋਨ ਤਗ਼ਮਾ ਜਿੱਤ ਲਿਆ। ਕਮਲਜੀਤ ਨੂੰ ਮੁਕਾਬਲੇ ਤੋਂ ਸਿਰਫ਼ 48 ਘੰਟੇ ਪਹਿਲਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। -ਪੀਟੀਆਈ

